ਸਰਬਜੀਤ ਸਿੰਘ ਭੰਗੂ
ਪਟਿਆਲਾ, 18 ਸਤੰਬਰ
ਇੱਥੇ ਇੱਕ ਵਿਅਕਤੀ ਨੇ ਆਪਣੇ ਹੀ ਸਾਂਢੂ ’ਤੇ ਪੈਟਰੋਲ ਛਿੜਕ ਕੇ ਅੱਗ ਲਗਾ ਦਿੱਤੀ ਜਿਸ ਦੌਰਾਨ ਪੀੜਤ ਵਿਅਕਤੀ ਦੇ ਸਰੀਰ ਦਾ ਕਾਫ਼ੀ ਹਿੱਸਾ ਝੁਲਸ ਗਿਆ। ਇਹ ਘਟਨਾ ਹਰਿੰਦਰ ਨਗਰ ਇਲਾਕੇ ਵਿੱਚ ਵਾਪਰੀ। ਪੀੜਤ ਰਣਜੀਤ ਕੁਮਾਰ ਵਲੋਂ ਪੁਲੀਸ ਕੋਲ ਦਰਜ ਕਰਵਾਏ ਗਏ ਬਿਆਨਾ ਵਿੱਚ ਆਖਿਆ ਗਿਆ ਹੈ ਕਿ ਉਹ ਆਪਣੀ ਬਿਮਾਰ ਸੱਸ ਦਾ ਪਤਾ ਲੈਣ ਲਈ ਹਰਿੰਦਰ ਨਗਰ ਸਥਿਤ ਸਹੁਰੇ ਘਰ ਗਿਆ ਸੀ ਜਿਸ ਦੌਰਾਨ ਉਸ ਦਾ ਆਪਣੇ ਸਾਢੂ ਮਹੇਸ਼ ਨਾਲ ਝਗੜਾ ਹੋ ਗਿਆ ਸੀ। ਇਸ ਮਗਰੋਂ ਉਹ ਆਪਣੇ ਘਰ ਪਰਤ ਆਇਆ। ਉਸ ਨੇ ਦੋਸ਼ ਲਾਇਆ ਕਿ ਉਸ ਦਾ ਸਾਢੂ ਸਵੱਖਤੇ ਹੀ ਉਸ ਦੇ ਘਰ ਆ ਕੇ ਮੁਆਫ਼ੀ ਮੰਗਣ ਲੱਗਾ ਤੇ ਉਸ ਨੂੰ ਦੁਬਾਰਾ ਫੇਰ ਸਹੁਰੇ ਘਰ ਲੈ ਗਿਆ ਤੇ ਉੱਥੇ ਜਾ ਕੇ ਉਸ ’ਤੇ ਪੈਟਰੋਲ ਛਿੜਕਣ ਮਗਰੋਂ ਅੱਗ ਲਗਾ ਦਿੱਤੀ ਜਿਸ ਕਾਰਨ ਉਸ ਦੀਆਂ ਲੱਤਾਂ ਛਾਤੀ ਅਤੇ ਸਰੀਰ ਦੇ ਹੋਰ ਅੰਗ ਝੁਲਸ ਗਏ। ਥਾਣਾ ਤ੍ਰਿਪੜੀ ਦੇ ਐੱਸਐੱਚਓ ਹਰਜਿੰਦਰ ਸਿੰਘ ਢਿੱਲੋਂ ਦਾ ਕਹਿਣਾ ਸੀ ਕਿ ਇਸ ਸਬੰਧੀ ਰਣਜੀਤ ਕੁਮਾਰ ਦੀ ਸ਼ਿਕਾਇਤ ਦੇ ਆਧਾਰ ’ਤੇ ਉਸ ਦੇ ਸਾਂਢੂ ਮਹੇਸ਼ ਕੁਮਾਰ ਵਾਸੀ ਪਟਿਆਲਾ ਖ਼ਿਲਾਫ਼ ਇਰਾਦਾ ਕਤਲ ਦੀ ਧਾਰਾ 307 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।