ਪੱਤਰ ਪ੍ਰੇਰਕ
ਰਾਜਪੁਰਾ, 20 ਨਵੰਬਰ
ਕਾਰ ਸਵਾਰ ਤਿੰਨ ਅਣਪਛਾਤੇ ਵਿਅਕਤੀ ਕੱਲ੍ਹ ਦੇਰ ਰਾਤ ਨੂੰ ਦੋ ਪੈਟਰੋਲ ਪੰਪਾਂ ਦੇ ਮੁਲਾਜ਼ਮਾਂ ਤੋਂ 16,350 ਹਜ਼ਾਰ ਰੁਪਏ ਖੋਹ ਕੇ ਫਰਾਰ ਹੋ ਗਏ। ਪਰਦੀਪ ਕੁਮਾਰ ਵਾਸੀ ਮਕਾਨ ਨੰਬਰ ਬੀ-1/393 ਨਾਈਆਂ ਵਾਲਾ ਮੁਹੱਲਾ ਪੁਰਾਣਾ ਰਾਜਪੁਰਾ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਹ ਮਦਨ ਲਾਲ ਐਂਡ ਸੰਨਜ਼ ਪੈਟਰੋਲ ਪੰਪ ਵਿੱਚ ਬਤੌਰ ਸੇਲਜ਼ਮੈਨ ਨੌਕਰੀ ਕਰਦਾ ਹੈ। ਕੱਲ੍ਹ ਦੇਰ ਰਾਤ ਨੂੰ ਸਵਿੱਫਟ ਡਿਜ਼ਾਇਰ ਕਾਰ (ਨੰਬਰ ਪੀ.ਬੀ 23 ਐਮ 8332) ਵਿੱਚ ਸਵਾਰ ਹੋ ਕੇ ਤਿੰਨ ਵਿਅਕਤੀ ਪੈਟਰੋਲ ਪੰਪ ’ਤੇ ਆਏ ਅਤੇ ਇਨ੍ਹਾਂ ਵਿੱਚੋਂ ਇੱਕ ਵਿਅਕਤੀ ਜਿਸ ਦੇ ਹੱਥ ਵਿੱਚ ਪਿਸਤੌਲ ਸੀ, ਉਹ ਸ਼ਿਕਾਇਤਕਰਤਾ ਨੂੰ ਪੈਟਰੋਲ ਪੰਪ ਦੇ ਕਮਰੇ ਵਿੱਚ ਲੈ ਗਿਆ ਉੱਥੇ ਪਿਸਤੌਲ ਦੀ ਨੋਕ ’ਤੇ ਉਸ ਕੋਲੋਂ 8350 ਰੁਪਏ ਖੋਹ ਕੇ ਫਰਾਰ ਹੋ ਗਏ।
ਇਸੇ ਦੌਰਾਨ ਰਾਜੇਸ਼ ਕੁਮਾਰ ਵਾਸੀ ਪਿੰਡ ਸੰਥਣੀ ਜ਼ਿਲ੍ਹਾ ਉਨਾਓ ਉਤਰ ਪ੍ਰਦੇਸ਼ ਨੇ ਸ਼ੰਭੂ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਹ ਰਾਣਾ ਫੀਲਿੰਗ ਸਟੇਸ਼ਨ ਪਿੰਡ ਤੇਪਲਾ ਵਿੱਚ ਸੇਲਜ਼ਮੈਨ ਦੀ ਨੌਕਰੀ ਕਰਦਾ ਹੈ ਜਿਥੇ ਦੇਰ ਰਾਤ ਨੂੰ ਸਵਿੱਫਟ ਡਿਜ਼ਾਇਰ ਕਾਰ (ਨੰ. ਪੀ.ਬੀ 23 ਐਮ 8332) ਵਿੱਚ ਸਵਾਰ ਹੋ ਕੇ ਆਏ ਤਿੰਨ ਵਿਅਕਤੀਆਂ ਨੇ ਉਸ ਦੇ ਪੰਪ ਤੋਂ 300 ਰੁਪਏ ਦਾ ਪੈਟਰੋਲ ਪੁਆਇਆ। ਇਸੇ ਦੌਰਾਨ ਇਹ ਵਿਅਕਤੀ ਜਿਨ੍ਹਾਂ ਕੋਲ ਹਥਿਆਰ ਸਨ, ਕਾਰ ਵਿੱਚੋਂ ਹੇਠਾਂ ਉਤਰੇ ਅਤੇ ਮੁੱਦਈ ਨੂੰ ਡਰਾ ਧਮਕਾ ਕੇ ਉਸ ਕੋਲੋਂ 8 ਹਜ਼ਾਰ ਰੁਪਏ ਖੋਹ ਕੇ ਫਰਾਰ ਹੋ ਗਏ।
ਥਾਣਾ ਸਿਟੀ ਰਾਜਪੁਰਾ ਦੇ ਇੰਸਪੈਕਟਰ ਅਕਾਸ਼ ਸ਼ਰਮਾ ਅਤੇ ਸ਼ੰਭੂ ਦੇ ਇੰਸਪੈਕਟਰ ਕਿਰਪਾਲ ਸਿੰਘ ਨੇ ਦੱਸਿਆ ਕਿ ਖੋਹ ਦੀ ਵਾਰਦਾਤ ਲਈ ਵਰਤੀ ਗਈ ਕਾਰ ’ਤੇ ਜਿਹੜਾ ਨੰਬਰ ਪੀ.ਬੀ 23 ਐਮ 8332 ਦੀ ਨੰਬਰ ਪਲੇਟ ਲੱਗੀ ਸੀ, ਜਾਂਚ ਕਰਨ ’ਤੇ ਪਤਾ ਲੱਗਿਆ ਕਿ ਇਹ ਨੰਬਰ ਕਿਸੇ ਪਿਕਅੱਪ ਮਹਿੰਦਰਾ ਗੱਡੀ ਦਾ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਭਰੋਸਾ ਦਿੰਦਿਆਂ ਕਿਹਾ ਕਿ ਜਲਦੀ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ ਤਾਂ ਜੋ ਅਜਿਹੀਆਂ ਵਾਰਦਾਤਾਂ ਨੂੰ ਠੱਲ੍ਹ ਪਾਈ ਜਾ ਸਕੇ।