ਰਵੇਲ ਸਿੰਘ ਭਿੰਡਰ
ਪਟਿਆਲਾ, 17 ਨਵੰਬਰ
ਸਾਬਕਾ ਅਕਾਲੀ ਮੇਅਰ ਅਜੀਤਪਾਲ ਸਿੰਘ ਕੋਹਲੀ ਨੇ ਸ਼ਹਿਰ ਦੇ ਵਿਕਾਸ ਕਾਰਜਾਂ ’ਤੇ ਮੁੜ ਸਵਾਲ ਖੜ੍ਹੇ ਕੀਤੇ ਹਨ। ਅੱਜ ਇਥੇ ਉਨ੍ਹਾਂ ਆਪਣੇ ਸਾਥੀਆਂ ਸਮੇਤ ਸ਼ਹਿਰ ਦੇ ਵਿਕਾਸ ਕਾਰਜਾਂ ’ਤੇ ਘਟੀਆ ਮਟੀਰੀਅਲ ਵਰਤਣ ਦਾ ਦੋਸ਼ ਲਾਇਆ ਹੈ। ਸਾਬਕਾ ਮੇਅਰ ਨੇ ਦੱਸਿਆ ਕਿ ਸ਼ਹਿਰ ਅੰਦਰ ਕਈ ਵੱਡੀਆਂ ਸੜਕਾਂ ਹਨ, ਜਿਨ੍ਹਾਂ ਨੂੰ ਹੁਣ ਲੁੱਕ ਦੀ ਥਾਂ ’ਤੇ ਇੰਟਰਲਾਕਿੰਗ ਟਾਈਲਾਂ ਜ਼ਰੀਏ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਸੜਕਾਂ ਵੱਡੀਆਂ ਹੋਣ ਕਾਰਨ ਇਥੋਂ ਹੈਵੀ ਟਰੈਫਿਕ ਲੰਘਦੀ ਹੈ। ਇਸ ਲਈ ਇਨ੍ਹਾਂ ਸੜਕਾਂ ’ਤੇ ਟਾਈਲਾਂ ਲਗਾਉਣ ਤੋਂ ਪਹਿਲਾਂ ਹੇਠਾਂ ਮਜ਼ਬੂਤ ਤੇ ਦਮਦਾਰ ਗਟਕਾ ਪਾ ਕੇ ਉਪਰ ਲੋਹੇ ਦੇ ਸਰੀਏ ਦਾ ਜਾਲ ਪਾ ਕੇ ਫਿਰ ਇੰਟਰਲਾਕਿੰਗ ਟਾਇਲਾਂ ਲਗਾਉਣੀਆਂ ਚਾਹੀਦੀਆਂ ਸਨ। ਜਦਕਿ ਨਗਰ ਨਿਗਮ ਅਜਿਹਾ ਨਾ ਕਰਕੇ ਮਾਮੂਲੀ ਰੋੜਾ ਪਾਉਣ ਤੋਂ ਬਾਅਦ ਰੇਤਾ ਪਾ ਕੇ ਉਪਰ ਹੀ ਟਾਈਲਾਂ ਲਗਾ ਰਿਹਾ ਹੈ, ਜਿਸ ਨਾਲ ਇਹ ਸੜਕਾਂ ਕਮਜ਼ੋਰ ਬਣ ਰਹੀਆਂ ਹਨ।
ਉਨ੍ਹਾਂ ਸਵਾਲ ਉਠਾਇਆ ਕਿ ਸ਼ਹਿਰ ਦੇ ਅੰਦਰੂਨੀ ਇਲਾਕਿਆਂ ਵਿਚ ਤੰਗ ਗਲੀਆਂ ਵਿਚ ਨਾਲੀਆਂ ਬੰਦ ਕਰਕੇ ਪਾਈਪ ਪਾਏ ਜਾ ਰਹੇ ਹਨ ਜੋ ਚੰਗੀ ਸ਼ੁਰੂਆਤ ਹੈ ਪਰ ਇਹ ਪਾਈਪ ਬਿਨਾਂ ਸਫਾਈ ਕੀਤਿਆਂ ਪਾਏ ਜਾਣ ਕਾਰਨ ਕੁਝ ਹੀ ਸਮੇਂ ਵਿਚ ਸੀਵਰੇਜ ਬਲਾਕ ਹੋ ਜਾਏਗਾ ਅਤੇ ਪਾਣੀ ਪਾਈਪਾਂ ਵਿਚ ਜਾਣ ਦੀ ਬਜਾਏ ਲੋਕਾਂ ਦੇ ਘਰਾਂ ਅੰਦਰ ਦਾਖਲ ਹੋਏਗਾ। ਉਨ੍ਹਾਂ ਕਿਹਾ ਕਿ ਨਿਗਮ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਹ ਪਾਈਪ ਪਾਉਣ ਤੋਂ ਪਹਿਲਾਂ ਲੋਕਾਂ ਦੇ ਘਰਾਂ ਅੰਦਰ ਤੋਂ ਲੈ ਕੇ ਸੀਵਰੇਜ ਜੁਆਇੰਟ ਤੱਕ ਚੰਗੀ ਤਰ੍ਹਾਂ ਸਫਾਈ ਕੀਤੀ ਜਾਵੇ।