ਸਰਬਜੀਤ ਸਿੰਘ ਭੰਗੂ
ਪਟਿਆਲਾ, 23 ਅਕੂਤਬਰ
ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਨੇ ਅੱਜ ਆਪਣਾ 56ਵਾਂ ਜਨਮ ਦਿਨ ਇੱਥੇ ਰਾਜਿੰਦਰਾ ਹਸਪਤਾਲ ਦੇ ਬਲੱਡ ਬੈਂਕ ਵਿੱਚ ਖੂਨਦਾਨੀਆਂ ਨਾਲ ਮਨਾਇਆ। ‘ਉਮੰਗ ਵੈੱਲਫੇਅਰ ਫਾਊਂਡੇਸ਼ਨ’ ਨੇ ਫਾਉਂਡੇਸ਼ਨ ਦੇ ਚੇਅਰਮੈਨ ਡੀਐੱਸਪੀ ਹਰਦੀਪ ਸਿੰਘ ਬਡੂੰਗਰ ਅਤੇ ਪ੍ਰਧਾਨ ਅਰਵਿੰਦਰ ਸਿੰਘ ਦੀ ਅਗਵਾਈ ਵਿੱਚ ਥੈਲਾਸੀਮੀਆ ਪੀੜਤ ਬੱਚਿਆਂ ਲਈ ਸਿਹਤ ਮੰਤਰੀ ਦੇ ਜਨਮ ਦਿਨ ਮੌਕੇ ਦੀਵਾਲੀ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਇਆ ਗਿਆ। ਜੌੜੇਮਾਜਰਾ ਨੇ ਗ੍ਰੀਨ ਦੀਵਾਲੀ ਮਨਾਉਣ ਲਈ ਰਾਜਿੰਦਰਾ ਹਸਪਤਾਲ ਵਿੱਚ 356 ਬੂਟੇ ਲਾਉਣ ਦੀ ਸ਼ੁਰੂਆਤ ਵੀ ਕੀਤੀ। ਇਸ ਮੌਕੇ ਉਨ੍ਹਾਂ ਨਾਲ ਵਿਧਾਇਕ ਡਾ. ਬਲਬੀਰ ਸਿੰਘ ਵੀ ਸਨ।
ਮੀਡੀਆ ਨਾਲ ਗੱਲਬਾਤ ਮੌਕੇ ਸਿਹਤ ਮੰਤਰੀ ਜੌੜੇਮਾਜਰਾ ਨੇ ਆਮ ਲੋਕਾਂ ਨੂੰ ਵੀ ਪ੍ਰਦੂਸ਼ਣ ਮੁਕਤ ਗ੍ਰੀਨ ਦੀਵਾਲੀ ਮਨਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਖੂਨਦਾਨ ਕਰਨਾ, ਬੂਟੇ ਲਗਾਉਣਾ, ਲੋੜਵੰਦਾਂ ਦੀ ਮਦਦ ਕਰਨਾ, ਇਬਾਦਤ ਕਰਨ ਦੇ ਬਰਾਬਰ ਹੈ। ਸਿਹਤ ਮੰਤਰੀ ਨੇ ਉਮੰਗ ਵੈੱਲਫੇਅਰ ਫਾਊਂਡੇਸ਼ਨ ਦੀ ਅਗਵਾਈ ਵਿੱਚ ਹੋਰ ਸੰਸਥਾਵਾਂ ਅਤੇ ਵਣ ਰੇਂਜ (ਵਿਸਥਾਰ) ਪਟਿਆਲਾ ਦੇ ਸਹਿਯੋਗ ਨਾਲ ਲਗਾਏ ਇਸ ਕੈਂਪ ਦੀ ਸ਼ਲਾਘਾ ਕੀਤੀ। ਇਸ ਦੌਰਾਨ ਮੈਡੀਕਲ ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਹਰਜਿੰਦਰ ਸਿੰਘ ਦੀ ਅਗਵਾਈ ਹੇਠ ਬਲੱਡ ਬੈਂਕ ਵਿੱਚ ਵੱਖਰੇ ਤੌਰ ’ਤੇ ਕੇਕ ਕੱਟ ਕੇ ਸਿਹਤ ਮੰਤਰੀ ਦਾ ਜਨਮ ਦਿਨ ਮਨਾਇਆ ਗਿਆ। ਇਸ ਮੌਕੇ ‘ਆਪ’ ਦੇ ਲੋਕ ਸਭਾ ਹਲਕਾ ਇੰਚਾਰਜ ਇੰਦਰਜੀਤ ਸੰਧੂ, ਜ਼ਿਲ੍ਹਾ ਸ਼ਹਿਰੀ ਪ੍ਰਧਾਨ ਤੇਜਿੰਦਰ ਮਹਿਤਾ, ਈਵੈਂਟ ਇੰਚਾਰਜ ਅੰਗਰੇਜ ਰਾਮਗੜ੍ਹ, ਬਲੱਡ ਬੈਂਕ ਇੰਚਾਰਜ ਡਾ. ਰਜਨੀ ਬਸੀ, ਸਿਵਲ ਸਰਜਨ ਡਾ. ਰਾਜੂ ਧੀਰ, ਵਣ ਰੇਂਜ ਅਫ਼ਸਰ ਸੁਰਿੰਦਰ ਸ਼ਰਮਾ, ਵਣ ਬੀਟ ਅਫ਼ਸਰ ਅਮਨ ਅਰੋੜਾ, ਉਮੰਗ ਦੇ ਲੀਗਲ ਐਡਵਾਈਜਰ ਐਡਵੋਕੇਟ ਯੋਗੇਸ਼ ਪਾਠਕ, ਕੋਆਰਡੀਨੇਟਰ ਹਿਮਾਨੀ, ਰਜਿੰਦਰ ਲੱਕੀ, ਅਵਿਨਾਸ਼ ਆਚਾਰੀਆ, ਸਮਾਜ ਸੇਵੀ ਲਖਵਿੰਦਰ ਸਰੀਨ, ਤਰਨਵੀਰ ਸਿੰਘ ਕੋਹਲੀ, ਰੁਪਿੰਦਰ ਸੋਨੂ, ਅਮਿਤ ਸੇਠੀ, ਰੋਹਿਤ ਕੁਮਾਰ ਤੇ ਹੋਰ ਪਤਵੰਤੇ ਲੋਕ ਮੌਜੂਦ ਸਨ।
ਜੌੜੇਮਾਜਰਾ ਨੇ ਸਮਾਣਾ ’ਚ ਕੱਟਿਆ ਜਨਮ ਦਿਨ ਦਾ ਕੇਕ
ਸਮਾਣਾ (ਪੱਤਰ ਪ੍ਰੇਰਕ): ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਨੇ ਅੱਜ ਇੱਥੇ ਆਪਣਾ 56ਵਾਂ ਜਨਮ ਦਿਨ ਪੱਤਰਕਾਰਾਂ ਨਾਲ ਕੇਕ ਕੱਟ ਕੇ ਮਨਾਇਆ ਤੇ ਉਨ੍ਹਾਂ ਨਾਲ ਚਾਹ ਦਾ ਕੱਪ ਵੀ ਸਾਂਝਾ ਕੀਤਾ। ਇੱਥੇ ਰੋਟਰੀ ਭਵਨ ਵਿੱਚ ਪੱਤਰਕਾਰਾਂ ਲਈ ਰੱਖੇ ਸਨਮਾਨ ਸਮਾਰੋਹ ਨੂੰ ਸੰਬੋਧਨ ਕਰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਸਥਾਨਕ ਸਿਵਲ ਹਸਪਤਾਲ ਦੀਆਂ ਸਾਰੀਆਂ ਕਮੀਆਂ ਜਲਦੀ ਦੂਰ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹਸਪਤਾਲਾਂ ਵਿੱਚ ਡਾਕਟਰਾਂ ਦੀ ਘਾਟ ਨੂੰ ਨਵੀਂ ਭਰਤੀ ਕਰਕੇ ਪੂਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਸਮਾਣਾ ਸ਼ਹਿਰ ਦੀ ਪਾਣੀ ਦੀ ਨਿਕਾਸੀ ਲਈ ਸੀਵਰੇਜ ਸਿਸਟਮ ਦੇ ਸੁਧਾਰ ਅਤੇ ਹੋਰ ਵਿਕਾਸ ਦੇ ਕੰਮ ਜੋ ਚੱਲ ਰਹੇ ਹਨ ਉਨ੍ਹਾਂ ਤੇ ਸਾਰਿਆਂ ਨੂੰ ਪਹਿਰਾ ਦੇਣ ਲਈ ਕਿਹਾ। ਉਨ੍ਹਾਂ ਪੱਤਰਕਾਰਾਂ ਨੂੰ ਪ੍ਰੈੱਸ ਕਲੱਬ ਲਈ ਥਾਂ ਦਾ ਪ੍ਰਬੰਧ ਕਰਕੇ ਉਸਾਰੀ ਕਰਵਾ ਕੇ ਦੇਣ ਦਾ ਭਰੋਸਾ ਵੀ ਦਿਵਾਇਆ। ਇਸ ਮੌਕੇ ਉਨ੍ਹਾਂ ਨਾਲ ਡਾ. ਮਦਨ ਮਿੱਤਲ, ਗੋਪਾਲ ਕ੍ਰਿਸ਼ਨ ਗਰਗ, ਬੀ ਕੇ ਗੁਪਤਾ, ਡਾ. ਕੇ ਕੇ ਜੌਹਰੀ, ਗੁਰਦੀਪ ਸ਼ਰਮਾ, ਚਮਕੌਰ ਸਿੰਘ, ਪਵਨ ਸ਼ਾਸਤਰੀ, ਹਰਜਿੰਦਰ ਸਿੰਘ ਮਿੰਟੂ, ਗੁਰਦੇਵ ਟਿਵਾਣਾ, ਪਾਰਸ ਸ਼ਰਮਾ, ਡਾ. ਸੁਰਜੀਤ ਦਇਆ, ਸੁਨੈਨਾ ਮਿੱਤਲ, ਮਨਜੀਤ ਕੌਰ, ਮਮਤਾ ਮਹਿਰਾ ਆਦਿ ਹਾਜ਼ਰ ਸਨ।