ਗੁਰਨਾਮ ਸਿੰਘ ਅਕੀਦਾ
ਪਟਿਆਲਾ, 6 ਅਗਸਤ
ਕੈਬਨਿਟ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਨੇ ਹਸਪਤਾਲਾਂ ਦੀ ਚੈਕਿੰਗ ਕਰਨੀ ਬੰਦ ਕਰ ਦਿੱਤੀ ਹੈ, ਇਹ ਜਾਣਕਾਰੀ ਅੱਜ ਉਨ੍ਹਾਂ ਇੱਥੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਉਹ ਹੁਣ ਜਥੇਬੰਦੀਆਂ ਵੱਲੋਂ ਆਏ ਮੰਗ ਪੱਤਰਾਂ ਸਬੰਧੀ ਜਥੇਬੰਦੀਆਂ ਨੂੰ ਚੰਡੀਗੜ੍ਹ ਵਿਚ ਹੀ ਅਗਲੇ ਹਫ਼ਤੇ ਮਿਲਣਗੇ ਕਿਉਂਕਿ ਮੰਗ ਪੱਤਰ ਬਹੁਤ ਇਕੱਠੇ ਹੋ ਗਏ ਹਨ ਉਨ੍ਹਾਂ ਦਾ ਨਬੇੜਾ ਕਰਨਾ ਵੀ ਲਾਜ਼ਮੀ ਹੈ। ਸ੍ਰੀ ਜੌੜੇਮਾਜਰਾ ਇੱਥੇ ਪਟਿਆਲਾ ਦਿਹਾਤੀ ਦੇ ਨੇੜਲੇ ਪਿੰਡ ਵਿਚ ਇਕ ਧਾਰਮਿਕ ਸਥਾਨ ਤੇ ਨਤਮਸਤਕ ਹੋਣ ਸਮੇਂ ਪੱਤਰਕਾਰਾਂ ਨਾਲ ਗੱਲ ਕਰ ਰਹੇ ਸਨ, ਉਨ੍ਹਾਂ ਨਾਲ ਪਟਿਆਲਾ ਦਿਹਾਤੀ ਦੇ ਵਿਧਾਇਕ ਡਾ. ਬਲਬੀਰ ਸਿੰਘ ਵੀ ਸਨ। ਸ੍ਰੀ ਜੌੜਾਮਾਜਰਾ ਨੇ ਕਿਹਾ ਕਿ ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਪੰਜਾਬ ਵਿਚ ਸਿਹਤ ਸਿਸਟਮ ਬਹੁਤ ਜ਼ਿਆਦਾ ਖ਼ਰਾਬ ਹੈ, ਪਰ ਇਸ ਦਾ ਸੁਧਾਰ ਕਰਨ ਲਈ ਸਾਨੂੰ ਸਹਿਜਤਾ ਨਾਲ ਕਦਮ ਚੁੱਕਣੇ ਪੈਣਗੇ। ਹਸਪਤਾਲਾਂ ਵਿਚ ਪਹਿਲਾ ਮੁੱਦਾ ਗੰਦਗੀ ਨੂੰ ਦੂਰ ਕਰਨਾ ਹੈ ਦੂਜੇ ਪਾਸੇ ਡਾਕਟਰਾਂ ਨਾਲ ਮਿਲ ਕੇ ਸਾਰੇ ਮੈਡੀਕਲ ਸਿਸਟਮ ਨੂੰ ਠੀਕ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਹਸਪਤਾਲਾਂ ਦਾ ਸੁਧਾਰ ਕਰਨ ਲਈ ਡਾਕਟਰ ਵੀ ਤਿਆਰ ਹਨ। ਉਨ੍ਹਾਂ ਵੀਸੀ ਡਾ. ਰਾਜ ਬਹਾਦਰ ਬਾਰੇ ਹੋਏ ਵਿਵਾਦ ਬਾਰੇ ਕਿਹਾ ਕਿ ਉਸ ਵਿਚ ਕਿਸੇ ਦੀ ਵੀ ਕੋਈ ਮਾੜੀ ਭਾਵਨਾ ਨਹੀਂ ਸੀ ਉਹ ਅਚਾਨਕ ਹੋਈ ਘਟਨਾ ਹੈ, ਉਨ੍ਹਾਂ ਕਿਹਾ ਕਿ ਉਨ੍ਹਾਂ ਡਾਕਟਰ ਰਾਜ ਬਹਾਦਰ ਨਾਲ ਇਸ ਸਬੰਧੀ ਕੋਈ ਗੱਲ ਨਹੀਂ ਕੀਤੀ ਪਰ ਉਨ੍ਹਾਂ ਦੇ ਮਨ ਵਿਚ ਕਿਸੇ ਪ੍ਰਤੀ ਵੀ ਕੋਈ ਮਾੜੀ ਭਾਵਨਾ ਨਹੀਂ ਹੈ। ਇਸ ਵੇਲੇ ਵਿਧਾਇਕ ਡਾ. ਬਲਬੀਰ ਸਿੰਘ ਨੇ ਕਿਹਾ ਕਿ ਸਾਡੀ ਸਰਕਾਰ ਪੰਜਾਬ ਵਿਚ ਚੰਗੀਆਂ ਸਹੂਲਤਾਂ ਦੇਣ ਲਈ ਤਤਪਰ ਹੈ।