ਸੁਭਾਸ਼ ਚੰਦਰ
ਸਮਾਣਾ, 10 ਮਈ
ਮੰਗਲਵਾਰ ਸਵੇਰੇ ਸਮਾਣਾ-ਪਾਤੜਾਂ ਸੜਕ ’ਤੇ ਸਥਿਤ ਇਕ ਨਿੱਜੀ ਹਸਪਤਾਲ ਦੇ ਡਾਕਟਰਾਂ ਦੀ ਕਥਿਤ ਅਣਗਹਿਲੀ ਕਾਰਨ ਜਣੇਪੇ ਦੌਰਾਨ ਹੋਈ ਔਰਤ ਦੀ ਮੌਤ ਦੇ ਰੋਸ ਵਜੋਂ ਮ੍ਰਿਤਕ ਦੇ ਵਾਰਸਾਂ ਸਣੇ ਸੈਂਕੜੇ ਲੋਕਾਂ ਨੇ ਸੜਕ ’ਤੇ ਜਾਮ ਲਗਾ ਦਿੱਤਾ। ਧਰਨਾਕਾਰੀਆਂ ਨੇ ਡਾਕਟਰਾਂ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਇਨਸਾਫ ਦੀ ਮੰਗ ਕੀਤੀ। ਥਾਣਾ ਸਿਟੀ ਮੁਖੀ ਲਖਵੀਰ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲੈਣ ਉਪਰੰਤ ਵਾਰਸਾਂ ਨੂੰ ਭਰੋਸੇ ’ਚ ਲੈ ਕੇ ਜਾਮ ਨੂੰ ਖੁੱਲ੍ਹਵਾਇਆ।
ਇਸ ਮੌਕੇ ਧਰਨਾਕਾਰੀਆਂ ’ਚ ਮੇਵਾ ਸਿੰਘ ਤੇ ਪਿੰਡ ਦੇ ਸਰਪੰਚ ਗੁਰਬੰਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਔਰਤ ਪਰਮਜੀਤ ਕੌਰ (30) ਪਤਨੀ ਮਿੱਠਨ ਵਾਸੀ ਪਿੰਡ ਦੁੱਲ੍ਹੜ ਨੂੰ ਡਲਿਵਰੀ ਲਈ ਨਿਜੀ ਹਸਪਤਾਲ ਵਿਚ ਸੋਮਵਾਰ ਸਵੇਰੇ ਦਾਖ਼ਲ ਕਰਵਾਇਆ ਸੀ। ਅਪ੍ਰੇਸ਼ਨ ਦੌਰਾਨ ਇਲਾਜ ਕਰਦੇ ਸਮੇਂ ਜਦੋਂ ਬੱਚੀ ਪੈਦਾ ਹੋਈ ਤਾਂ ਡਾਕਟਰਾਂ ਕੋਲ ਹਸਪਤਾਲ ਵਿੱਚ ਪੂਰੀਆਂ ਸਹੂਲਤਾਂ ਨਾ ਹੋਣ ਕਰਕੇ ਉਸ ਦਾ ਖ਼ੂਨ ਨਹੀਂ ਰੁਕਿਆ। ਖ਼ੂਨ ਜ਼ਿਆਦਾ ਵਹਿ ਜਾਣ ਤੋਂ ਬਾਅਦ ਉਸ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ। ਜਿਥੇ ਸੋਮਵਾਰ ਨੂੰ ਸ਼ਾਮ ਸਮੇਂ ਉਸ ਦੀ ਮੌਤ ਹੋ ਗਈ।
ਮੰਗਲਵਾਰ ਸਵੇਰੇ ਉਨ੍ਹਾਂ ਨੇ ਨਿੱਜੀ ਹਸਪਤਾਲ ਵਿੱਚ ਪਹੁੰਚ ਕੇ ਜਦੋਂ ਡਾਕਟਰਾਂ ਵੱਲੋਂ ਕੀਤੇ ਇਲਾਜ ’ਤੇ ਇਤਰਾਜ਼ ਜਤਾਇਆ ਤਾਂ ਡਾਕਟਰਾਂ ਵੱਲੋਂ ਨਾ ਮੰਨਣ ’ਤੇ ਉਨ੍ਹਾਂ ਨੇ ਸਮਾਣਾ ਪਾਤੜਾਂ ਸੜਕ ’ਤੇ ਧਰਨਾ ਲਗਾ ਕੇ ਜਾਮ ਲਗਾ ਦਿੱਤਾ।
ਨਿੱਜੀ ਹਸਪਤਾਲ ਦੇ ਡਾਕਟਰਾਂ ਹਰਪ੍ਰੀਤ ਕੌਰ ਤੇ ਧਰਮਾ ਸਿੰਘ ਨੇ ਦੱਸਿਆ ਕਿ ਉਕਤ ਔਰਤ ਦੇ ਵੱਡੇ ਅਪ੍ਰੇਸ਼ਨ ਨਾਲ ਪਹਿਲਾਂ ਦੋ ਬੱਚੇ ਪੈਦਾ ਹੋਣ ਕਰਕੇ ਉਸ ਦਾ ਇਲਾਜ ਮਾਹਿਰ ਡਾਕਟਰਾਂ ਤੋਂ ਕਰਵਾਇਆ ਜਾ ਰਿਹਾ ਸੀ। ਇਸ ਦਾ ਖੂਨ ਵਹਿਣ ਤੋਂ ਨਹੀਂ ਰੁਕ ਸਕਿਆ। ਖੂਨ ਦਾ ਪ੍ਰਬੰਧ ਕਰਨ ਲਈ ਉਨ੍ਹਾਂ ਵਾਰਸਾਂ ਨੂੰ ਪਹਿਲਾਂ ਹੀ ਦੱਸਿਆ ਹੋਇਆ ਸੀ। ਪਰ ਖ਼ੂਨ ਦੀ ਜ਼ਿਆਦਾ ਕਮੀ ਹੋਣ ਕਾਰਨ ਉਨ੍ਹਾਂ ਨੂੰ ਪਟਿਆਲਾ ਰੈਫਰ ਕਰ ਦਿੱਤਾ ਸੀ।
ਇਸ ਸਬੰਧੀ ਜਦੋਂ ਸਿਟੀ ਥਾਣਾ ਮੁਖੀ ਲਖਵੀਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਹਸਪਤਾਲ ਵੱਲੋਂ ਕੋਈ ਜਾਣਕਾਰੀ ਨਾ ਮਿਲਣ ਕਰਕੇ ਅਤੇ ਵਾਰਸਾਂ ਵੱਲੋਂ ਕੋਈ ਸ਼ਿਕਾਇਤ ਨਾ ਦੇਣ ਕਾਰਨ ਕੋਈ ਕਾਨੂੰਨੀ ਕਾਰਵਾਈ ਨਹੀਂ ਹੋ ਸਕੀ।