ਸਰਬਜੀਤ ਸਿੰਘ ਭੰੰਗੂ
ਪਟਿਆਲਾ, 29 ਅਪਰੈਲ
ਪਟਿਆਲਾ ’ਚ ਸ਼ੁੁੱਕਰਵਾਰ ਨੂੰ ਸਿੱਖ ਅਤੇ ਹਿੰਦੂ ਸੰਗਠਨਾਂ ਵਿਚਕਾਰ ਹੋਏ ਟਕਰਾਅ ਨੂੰ ਲੈ ਕੇ ਵੱਖ ਵੱਖ ਹਿੰਦੂ ਜਥੇਬੰਦੀਆਂ ਦੇ ਆਗੂਆਂ ਵੱੱਲੋਂ ਸ਼ਾਮ ਨੂੰ ਇੱਥੇ ਸ੍ਰੀ ਕਾਲ਼ੀ ਮਾਤਾ ਮੰਦਰ ਵਿਖੇ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ 30 ਅਪਰੈਲ ਨੂੰ ਪਟਿਆਲਾ ਸ਼ਹਿਰ ਬੰਦ ਰੱਖਣ ਦਾ ਸੱਦਾ ਦਿੱਤਾ ਗਿਆ। ਇਸ ਮੌਕੇ ਹਿੰਦੂ ਸੁਰੱਖਿਆ ਸੰਮਤੀ ਦੇ ਆਗੂ ਰਾਜੇਸ਼ ਕੇਹਰ, ਮੇਅਰ ਸੰਜੀਵ ਬਿੱਟੂ, ਸ਼ਿਵ ਸੈਨਾ ਹਿੰਦੁਸਤਾਨ ਦੇ ਪ੍ਰਧਾਨ ਪਵਨ ਕੁਮਾਰ ਗੁਪਤਾ, ਰਵਿੰਦਰ ਸਿੰਗਲਾ, ਭਾਜਪਾ ਆਗੂ ਭੁਪੇਸ਼ ਅਗਰਵਾਲ, ਡਾ. ਭਾਈ ਪਰਮਜੀਤ ਸਿੰਘ, ਵਰੁਣ ਜਿੰਦਲ, ਕਾਂਗਰਸ ਦੇ ਸਥਾਨਕ ਪ੍ਰਧਾਨ ਨਰਿੰਦਰਪਾਲ ਲਾਲੀ, ਪੀਐਲਸੀ ਦੇ ਸਥਾਨਕ ਪ੍ਰਧਾਨ ਕੇ. ਕੇ. ਮਲਹੋਤਰਾ, ਬ੍ਰਾਹਮਣਸਮਾਜ ਦੇ ਆਗੂ ਅਸ਼ਵਨੀ ਗੱਗੀ ਬਹਾਦਰਗੜ੍ਹ, ਸ਼ਿਵ ਸੈਨਾ ਪੰਜਾਬ (ਘਨੌਲੀ ਗਰੁੱਪ) ਦੇ ਮੀਤ ਪ੍ਰਧਾਨ ਰਾਜੀਵ ਬੱਬਰ ਸਮੇਤ ਕਈ ਹੋਰ ਹਿੰਦੂ ਆਗੂਆਂ ਨੇ ਵੀ ਸ਼ਿਰਕਤ ਕੀਤੀ।
ਇਸ ਦੌਰਾਨ ਅੱਜ ਦੀਆਂ ਘਟਨਾਵਾਂ ਦੀ ਨਿੰਦਾ ਕਰਦਿਆਂ, ਮੀਟਿੰੰਗ ’ਚ ਮੌਜੂਦ ਸਮੂਹ ਹਿੰਦੂ ਸੰਗਠਨਾਂ ਦੇ ਆਗੂਆਂ ਨੇ ਸਰਬਸੰਮਤੀ ਨਾਲ ਕੀਤੇ ਗਏ ਫੈਸਲੇ ਦੌਰਾਨ 30 ਅਪਰੈਲ ਨੂੰ ਪਟਿਆਲਾ ਸ਼ਹਿਰ ਬੰਦ ਰੱਖਣ ਦਾ ਐਲਾਨ ਕੀਤਾ। ਮੇਅਰ ਸੰਜੀਵ ਬਿੱਟੂ ਦਾ ਕਹਿਣਾ ਸੀ ਕਿ ਸਥਾਨਕ ਪ੍ਰਸ਼ਾਸਨ ਨੂੰ ਸਖ਼ਤੀ ਦਿਖਾਉਣੀ ਚਾਹੀਦੀ ਸੀ ਅਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਜਾਣੇ ਚਾਹੀਦੇ ਸਨ। ਉਨ੍ਹਾਂ ਲੋਕਾਂ ਨੂੰ ਸਦਭਾਵਨਾ ਨਾਲ ਰਹਿਣ ਦੀ ਅਪੀਲ ਵੀ ਕੀਤੀ।
ਇਸੇ ਦੌਰਾਨ ਖਾਲਿਸਤਾਨ ਦੇ ਮੁੱਦੇ ਨੂੰ ਲੈ ਕੇ ਅੱਜ ਪਟਿਆਲਾ ਸ਼ਹਿਰ’ਚ ਵਾਪਰੀਆਂ ਘਟਨਾਵਾਂ ਨੂੰ ਲੈ ਕੇ ਦਿਨ ਭਰ ਜਿਥੇ ਤਣਾਅ ਵਾਲ਼ੇ ਹਾਲਾਤ ਬਣੇ ਰਹੇ, ਉੱਥੇ ਹੀ ਸ਼ਹਿਰ ਦੇ ਅਨੇਕਾਂ ਖੇਤਰਾਂ ਦੀ ਆਵਾਜਾਈ ਵੀ ਵੱਡੇ ਪੱਧਰ ’ਤੇ ਪ੍ਰਭਾਵਿਤ ਹੋਈ। ਕਿਉਂਕਿ ਪਹਿਲਾਂ ਸਿੱਖ ਜਥੇਬੰਦੀਆਂ ਦੇ ਕਾਰਕੁਨਾਂ ਨੂੰ ਲੀਲਾ ਭਵਨ ਚੌਕ ’ਚ ਰੋਕੇ ਜਾਣ ਕਰਕੇ ਉਸ ਖੇਤਰ ਦਾ ਟਰੈਫਿਕ ਦਾ ਰੂਟ ਬਦਲਣਾਂ ਪਿਆ। ਫੇਰ ਲੰਬਾ ਸਮਾਂ ਫੁਹਾਰਾ ਚੌਕ ’ਚ ਚੱਲੇ ਧਰਨੇ ਕਾਰਨ ਵੀ ਆਵਜਾਈ ਪ੍ਰਭਾਵਿਤ ਹੋਈ। ਇੱਥੋਂ ਤੱਕ ਕਿ ਬੱਸਾਂ ਦੇ ਰੂਟ ਵੀ ਬਦਲਣੇ ਪਏ। ਇਸ ਕਾਰਨ ਬੱਸ ਰਾਹੀਂ ਆਉਣ ਵਾਲ਼ੇ ਲੋਕਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਅੱਜ ਦੇ ਗੰਭੀਰ ਬਣੇ ਹਾਲਾਤ ਦੇ ਮੱਦੇਨਜ਼ਰ ਕਈ ਸਕੂਲਾਂ ਨੇ ਵੀ ਸਮੇਂ ਤੋਂ ਪਹਿਲਾਂ ਹੀ ਛੁੱਟੀ ਕਰ ਦਿੱਤੀ, ਤਾਂ ਜੋ ਬੱਚੇ ਸੁਰੱਖਿਅਤ ਆਪੋ ਆਪਣੇ ਘਰ ਸਮੇਂ ਸਿਰ ਪਹੁੰਚ ਸਕਣ।
ਉਧਰ ਗੰਭੀਰ ਹਾਲਾਤ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਾਏ ਗਏ ਰਾਤ ਦੇ ਕਰਫਿਊ ਕਾਰਨ ਵੀ ਲੋਕ ਭੰਬਲ਼ਭੂਸੇ ’ਚ ਪਏ ਰਹੇ। ਕਿਉਂਕਿ ਅਚਾਨਕ ਲੈਣ ਪਏ ਇਸ ਫੈਸਲੇ ਬਾਬਤ ਪੁਖਤਾ ਰੂਪ ’ਚ ਸਾਰਿਆਂ ਤੱਕ ਸਹੀ ਸੂਚਨਾ ਨਾ ਪਹੁੰਚੀ ਹੋਣ ਕਰਕੇ ਕਈ ਨਾਗਰਿਕ ਕਰਫਿਊ ’ਚ ਵੀ ਘੁੰਮਦੇ ਰਹੇ ਪਰ ਮੌਕੇ ਦੀ ਨਜ਼ਾਕਤ ਨੂੰ ਦੇਖਦਿਆਂ ਪੁਲੀਸ ਨੇ ਵੀ ਬਹੁਤੀ ਸਖਤੀ ਨਾ ਕਰਦਿਆਂ, ਲੋਕਾਂ ਨਾਲ਼ ਸਹਿਯੋਗ ਕੀਤਾ।
ਜ਼ਿਕਰਯੋਗ ਹੈ ਕਿ ਪਿਛਲੇ ਸਮੇਂ ਦੌਰਾਨ ਭਾਵੇਂ ਕਰੋਨਾ ਕਰਕੇ ਤਾਂ ਇੱਥੇ ਕਰਫਿਊ ਲੱਗਦਾ ਰਿਹਾ ਹੈ ਪਰ ਇਸ ਤਰ੍ਹਾਂ ਦੋ ਫਿਰਕਿਆਂ ’ਚ ਝੜਪਾਂ ਕਾਰਨ ਕਰਫਿਊ ਲਾਉਣ ਦੀ ਨੌਬਤ ਬੜੀ ਦੇਰ ਮਗਰੋਂ ਆਈ ਹੈ। ਅੱਜ ਦੀਆਂ ਘਟਨਾਵਾਂ ਸਬੰਧੀ ਭਾਵੇਂ ਮੁਕੰਮਲ ਜਾਂਚ ਤਾਂ ਅਜੇ ਹੋਣੀ ਬਾਕੀ ਹੈ, ਪਰ ਪੁਲੀਸ ਵੱਲੋਂ ਕੀਤੀ ਗਈ ਮੁੱਢਲੀ ਪੁਣਛਾਣ ਦੌਰਾਨ ਜੋ ਤੱਥ ਸਾਹਮਣੇ ਆਏ ਹਨ,ਉਸ ਮੁਤਾਬਿਕ ਸਿੱਖ ਜਥੇਬੰਦੀਆਂ ਦੀ ਅੱਜ ਦੀ ਇਕੱਤਰਤਾ ’ਚ ਬਾਹਰਲੇ ਜ਼ਿਲ੍ਹਿਆਂ ਤੋਂ ਵੀ ਵੱਡੀ ਗਿਣਤੀ ’ਚ ਨੌਜਵਾਨ ਅਤੇ ਹੋਰ ਲੋਕ ਪੁੱਜੇ ਹੋਏ ਸਨ।
ਪੁਲੀਸ ਵੱਲੋਂ ਸ਼ਾਂਤੀ ਬਣਾਈ ਰੱਖਣ ਦੀ ਅਪੀਲ
ਪਟਿਆਲਾ ਸ਼ਹਿਰ ’ਚ ਵਾਪਰੀਆਂ ਘਟਨਾਵਾਂ ਕਾਰਨ ਬਣੇ ਤਣਾਅ ਭਰੇ ਹਾਲਾਤ ਦੇ ਚੱਲਦਿਆਂ ਸਥਾਨਕ ਪੁਲੀਸ ਵੱਲੋਂ ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਗਈ। ਐੱਸਐੱਸਪੀ ਡਾ. ਨਾਨਕ ਸਿੰਘ ਦੀ ਅਗਵਾਈ ਹੇਠ ਪੁਲੀਸ ਨੇ ਅਮਨ ਤੇ ਸ਼ਾਂਤੀ ਬਣਾਉਣ ਦਾ ਸੰਦੇਸ਼ ਦਿੰਦਿਆਂ ਫਲੈਗ ਮਾਰਚ ਵੀ ਕੀਤਾ। ਇਸੇ ਦੌਰਾਨ ਜਦੋਂ ਪੁਲੀਸ ਮੁਖੀ ਨਾਲ਼ ਫੋਨ ’ਤੇ ਗੱਲ ਕੀਤੀ, ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਸ਼ਹਿਰ ’ਚ ਸਥਿਤੀ ਕਾਬੂ ਹੇਠ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਦਿਨ ਵੇਲੇ ਸੋਸ਼ਲ ਮੀਡੀਆ ’ਤੇ ਇੱਕ ਥਾਣਾ ਮੁਖੀ ਦਾ ਹੱਥ ਕੱਟੇ ਜਾਣ ਸਬੰਧੀ ਫੈਲੀ ਖਬਰ ਨਿਰਆਧਾਰ ਸੀ। ਕਿਉਂਕਿ ਕਿਸੇ ਪੁਲੀਸ ਮੁਲਾਜ਼ਮ ਦਾ ਹੱਥ ਕੱਟੇ ਜਾਣ ਦੀ ਅੱਜ ਇੱਥੇ ਕੋਈ ਘਟਨਾ ਨਹੀਂ ਵਾਪਰੀ। ਉਨ੍ਹਾ ਨੇ ਲੋਕਾਂ ਨੂੰ ਅਫਵਾਹਾਂ ਤੋਂ ਸੁਚੇਤ ਰਹਿਣ ਦੀ ਅਪੀਲ ਵੀ ਕੀਤੀ