ਖੇਤਰੀ ਪ੍ਰਤੀਨਿਧ
ਪਟਿਆਲਾ, 6 ਦਸੰਬਰ
ਖੇਤੀ ਬਿੱਲ ਰੱਦ ਕਰਵਾਉਣ ਲਈ 30 ਕਿਸਾਨ ਜਥੇਬੰਦੀਆਂ ਵੱਲੋਂ 8 ਨੂੰ ਭਾਰਤ ਬੰਦ ਦੇ ਦਿੱਤੇ ਗਏ ਸੱਦੇ ਤਹਿਤ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਤਿਆਰੀਆਂ ਜ਼ੋਰਾਂ ’ਤੇ ਹਨ। ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਸਵਾਜਪੁਰ ਦੀ ਅਗਵਾਈ ਹੇਠਾਂ ਜ਼ਿਲ੍ਹਾ ਆਗੂ ਪਿੰਡਾਂ ਵਿੱਚ ਝੰਡਾ ਮਾਰਚ ਕਰਦਿਆਂ ਕਿਸਾਨਾਂ ਸਮੇਤ ਹਰ ਵਰਗ ਦੇ ਲੋਕਾਂ ਨੂੰ ਇਸ ਬੰਦ ਪ੍ਰਤੀ ਲਾਮਬੰਦ ਕਰ ਰਹੇ ਹਨ। ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਸਵਾਜਪੁਰ ਦੀ ਅਗਵਾਈ ਹੇਠਲੀ ਇਸ ਟੀਮ ਵਿੱਚ ਪਵਨ ਕੁਮਾਰ ਪਸਿਆਣਾ, ਰਣਜੀਤ ਸਿੰਘ ਵਜੀਦਪੁਰ, ਸੁਰਿੰਦਰ ਕਕਰਾਲਾ, ਗੁਰਨਾਮ ਸਿੰਘ ਬਲਾਕ ਪ੍ਰਧਾਨ ਸਮਾਣਾ, ਭੁਪਿੰਦਰ ਸਿੰਘ ਢੈਂਠਲ ਤੇ ਬਲਜਿੰਦਰ ਸਿੰਘ ਮੈਣ ਆਦਿ ਆਗੂ ਸ਼ਾਮਲ ਹਨ। ਉਹ ਕਾਰਾਂ ਤੇ ਜੀਪਾਂ ਆਦਿ ਵਾਹਨਾਂ ’ਤੇ ਸਪੀਕਰ ਫਿੱਟ ਕਰਕੇ ਪਿੰਡ ਪਿੰਡ ਜਾ ਕੇ ਹੋਕਾ ਦੇ ਰਹੇ ਹਨ ਕਿ ਖੇਤੀ ਕਾਨੂੰਨ ਰੱਦ ਕਰਵਾਉਣ ਲਈ 8 ਦੇ ਭਾਰਤ ਬੰਦ ਦੇ ਸੱਦੇ ਨੂੰ ਕਾਮਯਾਬ ਕਰਨ ਲੲ ਹਰੇਕ ਵਰਗ ਆਪਣਾ ਯੋਗਦਾਨ ਪਾਵੇ, ਕਿਉਂਕਿ ਇਹ ਹੁਣ ਸਿਰਫ਼ ਕਿਸਾਨਾਂ ਦਾ ਮਸਲਾ ਨਾ ਰਹਿ ਕੇ ਸਮੁੱਚੇ ਵਰਗਾਂ ਦਾ, ਬਲਕਿ ਸਮੁੱਚੇ ਪੰਜਾਬੀਆਂ ਦਾ ਮਸਲਾ ਬਣ ਗਿਆ ਹੈ।
ਸਵਾਜਪੁਰ ਦਾ ਕਹਿਣਾ ਸੀ ਕਿ ਕਿਉਂਕਿ ਸੱਤ ਫੀਸਦੀ ਤੋਂ ਵੱਧ ਲੋਕ ਸਿੱਧੇ ਤੇ ਅਸਿੱਧੇ ਰੂਪ ’ਚ ਕਿਰਸਾਨੀ ’ਤੇ ਨਿਰਭਰ ਹਨ। ਜਿਸ ਕਰਕੇ ਹਰ ਵਰਗ ਨੂੰ ਇਸ ਕੇਂਦਰੀ ਹਕੂਮਤ ਖ਼ਿਲਾਫ਼ ਜਾਰੀ ਇਸ ਲੜਾਈ ’ਚ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ। ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਸਵਾਜਪੁਰ ਦਾ ਕਹਿਣਾ ਸੀ ਕਿ 8 ਦਸੰਬਰ ਨੂੰ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਚੰਡੀਗੜ੍ਹ-ਬਠਿੰਡਾ ਹਾਈਵੇਅ ’ਤੇ ਸਥਿਤ ਪਸਿਆਣਾ ਪੁਲਾਂ ’ਤੇ ਧਰਨਾ ਮਾਰ ਕੇ ਚੱਕਾ ਜਾਮ ਕੀਤਾ ਜਾਵੇਗਾ।
ਕਿਸਾਨ ਅੰਦੋਲਨ ਲਈ ਤਨਖਾਹ ਦੇਣ ਦਾ ਫੈਸਲਾ
ਸੰਗਰੂਰ (ਨਿਜੀ ਪੱਤਰ ਪ੍ਰੇਰਕ) ਪੰਜਾਬ ਦੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨ ਅੰਦੋਲਨ ’ਚ ਯੋਗਦਾਨ ਪਾਉਣ ਵਾਸਤੇ ਆਪਣੀ ਇੱਕ ਮਹੀਨੇ ਦੀ ਤਨਖਾਹ ਦੇਣ ਦਾ ਫੈਸਲਾ ਕੀਤਾ ਹੈ। ਖੇਤੀ ਕਾਨੂੰਨਾਂ ਵਿਰੁੱਧ ਲੜਾਈ ’ਚ ਪੰਜਾਬ ਦੇ ਕਿਸਾਨਾਂ ਨਾਲ ਇਕਜੁੱਟਤਾ ਪ੍ਰਗਟਾਉਂਦਿਆਂ ਸਿੰਗਲਾ ਨੇ ਕਿਹਾ ਕਿ ਇਹ ਕੋਈ ਆਮ ਸਮਾਂ ਨਹੀਂ ਤੇ ਇਸ ਲਈ ਸਾਨੂੰ ਸਾਰਿਆਂ ਨੂੰ ਕਿਸਾਨਾਂ ਦੀ ਸਹਾਇਤਾ ਕਰਨ ਲਈ ਤੇ ਉਨ੍ਹਾਂ ਦੀਆਂ ਹੱਕੀ ਮੰਗਾਂ ਪ੍ਰਤੀ ਦ੍ਰਿੜਤਾ ਨਾਲ ਖੜ੍ਹੇ ਹੋਣ ਲਈ ਅੱਗੇ ਆਉਣ ਦੀ ਲੋੜ ਹੈ।