ਗੁਰਨਾਮ ਸਿੰਘ ਚੌਹਾਨ
ਪਾਤੜਾਂ, 31 ਜਨਵਰੀ
ਕੇਂਦਰ ਸਰਕਾਰ ਵੱਲੋਂ ਬਣਾਏ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਵਿੱਚ ਚੱਲ ਰਹੇ ਸੰਘਰਸ਼ ਵਿੱਚ ਸ਼ਾਮਲ ਹੋਣ ਲਈ ਪਿੰਡਾਂ ਦੇ ਗੁਰੂਘਰਾਂ ਦੇ ਸਪੀਕਰਾਂ ਰਾਹੀਂ ਸੱਦਾ ਦੇਣ ਦੇ ਨਾਲ ਨਾਲ ਕਿਸਾਨ ਜਥੇਬੰਦੀਆਂ ਤੇ ਨੌਜਵਾਨਾਂ ਨੇ ਪਿੰਡਾਂ ਦੇ ਲੋਕਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ। ਅੱਜ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਅਤੇ ਨੌਜਵਾਨਾਂ ਨੇ ਦਿੱਲੀ ਦੇ ਮੁੱਖ ਮਾਰਗਾਂ ਉੱਤੇ ਸ਼ਾਂਤਮਈ ਅੰਦੋਲਨ ਚਲਾ ਰਹੇ ਕਿਸਾਨਾਂ ਉੱਤੇ ਕੇਂਦਰ ਸਰਕਾਰ ਵੱਲੋਂ ਕੀਤੇ ਜਾ ਰਹੇ ਅੱਤਿਆਚਾਰ ਦੇ ਖ਼ਿਲਾਫ਼ ਰੋਸ ਮਾਰਚ ਕਰ ਕੇ ਘਰ ਵਿੱਚੋਂ ਇੱਕ ਮੈਂਬਰ ਨੂੰ ਦਿੱਲੀ ਘੋਲ ਵਿੱਚ ਸ਼ਾਮਲ ਹੋਣ ਦਾ ਹੋਕਾ ਦਿੱਤਾ। ਇਕੱਠੇ ਹੋਏ ਨੌਜਵਾਨਾਂ ਨੇ ਮੋਦੀ ਦਾ ਪੁਤਲਾ ਫੂਕਿਆ ਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਕੇ ਖੇਤੀ ਵਿਰੋਧੀ ਕਾਲੇ ਕਾਨੂੰਨ ਵਾਪਸ ਲੈਣ ਦੀ ਮੰਗ ਕੀਤੀ ਹੈ। ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਦਿੱਲੀ ਅੰਦੋਲਨ ਨੂੰ ਹੁਲਾਰਾ ਦੇਣ ਲਈ ਪਿੰਡ ਦੁਤਾਲ, ਕੁਆ ਡੇਅਰੀ, ਸ਼ਤਰਾਣਾ, ਨਾਈਵਾਲਾ, ਰਸੌਲੀ, ਚਿੱਚੜਵਾਲਾ, ਸਾਗਰਾ, ਬਹਿਰ ਸਾਹਿਬ, ਅਰਨੋ ਆਦਿ ਦਰਜਨਾਂ ਪਿੰਡਾਂ ਵਿੱਚ ਹਰਭਜਨ ਸਿੰਘ ਧੂੜ ਸੁਖਦੇਵ ਸਿੰਘ ਹਰਿਆਓ ਸਾਹਿਬ ਸਿੰਘ ਦੁਤਾਲ ਦੀ ਅਗਵਾਈ ਵਿੱਚ ਮਾਰਚ ਕਰਕੇ ਕਿਸਾਨਾਂ ਨੂੰ ਦਿੱਲੀ ਪਹੁੰਚਣ ਦਾ ਸੱਦਾ ਦਿੱਤਾ ਹੈ। ਇਸੇ ਦੌਰਾਨ ਕਿਸਾਨ ਆਗੂ ਯਾਦਵਿੰਦਰ ਸਿੰਘ ਭੰਗੂ ਦੀ ਅਗਵਾਈ ਵਿੱਚ ਨੌਜਵਾਨਾਂ ਨੇ ਕੇਂਦਰ ਦੀਆਂ ਕਿਸਾਨ ਮਾਰੂ ਨੀਤੀਆਂ ਦੇ ਖ਼ਿਲਾਫ਼ ਰੋਸ ਮਾਰਚ ਕਰਕੇ ਬਾਦਸ਼ਾਹਪੁਰ ਮੰਡੀ, ਉਗੋਕੇ ਵਿੱਚ ਮੋਦੀ ਦਾ ਪੁਤਲਾ ਫੂਕਿਆ ਹੈ।
ਕਿਸਾਨਾਂ ਦੇ ਹੱਕ ’ਚ ਅਰਥੀ ਫੂਕ ਮੁਜ਼ਾਹਰਾ ਕਰਨਗੇ ਠੇਕਾ ਮੁਲਾਜ਼ਮ
ਪਾਤੜਾਂ: ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਨੇ ਮੋਦੀ ਸਰਕਾਰ ਵੱਲੋਂ ਲਾਗੂ ਕੀਤੇ ਗਏ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਨੂੰ ਫੇਲ੍ਹ ਕਰਨ ਲਈ ਵਰਤੇ ਜਾ ਰਹੇ ਹੱਥਕੰਡਿਆਂ ਵਿਰੁੱਧ ਅਰਥੀ ਫੂਕ ਮੁਜ਼ਾਹਰੇ ਕਰਨ ਦਾ ਐਲਾਨ ਕੀਤਾ ਹੈ। ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਵਰਿੰਦਰ ਸਿੰਘ ਮੋਮੀ ਨੇ ਦੱਸਿਆ ਕਿ ਕੇਂਦਰੀ ਹਕੂਮਤ ਦੀਆਂ ਫਿਰਕੂ ਫਾਸ਼ੀਵਾਦੀ ਚਾਲਾਂ ਨੂੰ ਭਾਂਜ ਦੇਣ ਲਈ ਸਮੂਹ ਵਿਭਾਗਾਂ ਦੇ ਠੇਕਾ ਮੁਲਾਜ਼ਮ ਪੰਜਾਬ ਭਰ ਵਿਚ 4 ਫਰਵਰੀ ਨੂੰ ਮਜ਼ਦੂਰਾਂ, ਮੁਲਾਜ਼ਮਾਂ, ਕਿਸਾਨਾਂ ਨਾਲ ਮਿਲਕੇ ਮੋਦੀ ਹਕੂਮਤ ਦੇ ਅਰਥੀ ਫੂਕ ਮੁਜ਼ਾਹਰੇ ਕਰਨਗੇ।
ਦਿੱਲੀ ਨਾ ਜਾਣ ਵਾਲੇ ਪਰਿਵਾਰਾਂ ਨੂੰ ਜੁਰਮਾਨੇ ਲਾਏ
ਸੰਦੌੜ (ਮੁਕੰਦ ਸਿੰਘ ਚੀਮਾ): 26 ਜਨਵਰੀ ਦੀ ਟਰੈਕਟਰ ਪਰੇਡ ਦੌਰਾਨ ਵਾਪਰੇ ਘਟਨਾਕ੍ਰਮ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ ਜਬਰੀ ਤੌਰ ’ਤੇ ਗਾਜ਼ੀਪੁਰ ਬਾਰਡਰ ਨੂੰ ਖਾਲੀ ਕਰਵਾਉਣ ਲਈ ਕੀਤੀ ਗਈ ਕਾਰਵਾਈ ਕਾਰਨ ਪੰਜਾਬ ਬੈਠੇ ਕਿਸਾਨਾਂ ਵਿਚ ਭਾਰੀ ਰੋਸ ਹੈ ਅਤੇ ਪੰਜਾਬ ਵਿਚ ਮੁੜ ਤੋਂ ਵੱਡੀ ਗਿਣਤੀ ਵਿਚ ਕਿਸਾਨਾਂ ਨੇ ਦਿੱਲੀ ਲਈ ਵਹੀਰਾਂ ਘੱਤ ਦਿੱਤੀਆਂ ਹਨ। ਸੰਦੌੜ ਇਲਾਕੇ ਦੇ ਕਈ ਪਿੰਡਾਂ ਵਿਚ ਕਿਸਾਨਾਂ ਅਤੇ ਪੰਚਾਇਤਾਂ ਨੇ ਇਕੱਠੇ ਹੋ ਕੇ ਕਿਸਾਨੀ ਅੰਦੋਲਨ ਨੂੰ ਹੋਰ ਤੇਜ਼ ਕਰਨ ਲਈ ਵਿਉਂਤਬੰਦੀਆਂ ਵਿੱਢ ਦਿੱਤੀਆਂ ਹਨ। ਪਿੰਡ ਬਿਸ਼ਨਗੜ੍ਹ ਬਈਏਵਾਲ, ਕੁਠਾਲਾ ਸਮੇਤ ਕਈ ਪਿੰਡ ਦੀਆਂ ਪੰਚਾਇਤਾਂ ਨੇ ਮਤੇ ਪਾ ਦਿੱਤੇ ਹਨ। ਮਤੇ ਅਨੁਸਾਰ ਹਰ ਘਰ ਵਿਚੋਂ ਇਕ ਜੀਅ ਦਿੱਲੀ ਧਰਨੇ ਵਿਚ ਸ਼ਮੂਲੀਅਤ ਕਰੇਗਾ ਅਤੇ ਨਾ ਜਾਣ ਵਾਲੇ ਕਿਸਾਨ ਨੂੰ ਜੁਰਮਾਨਾ ਲਗਾਇਆ ਗਿਆ ਹੈ।