ਖੇਤਰੀ ਪ੍ਰਤੀਨਿਧ
ਪਟਿਆਲਾ, 13 ਮਈ
ਕਰੋਨਾ ਮਹਾਮਾਰੀ ਦੌਰਾਨ ਘਰਾਂ ’ਚ ਇਕਾਂਤਵਾਸ ’ਚ ਰਹਿ ਰਹੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਤੱਕ ਖਾਣਾ ਪਹੁੰਚਾਉਣ ਲਈ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਵੱਲੋਂ ਮੁਹਿੰਮ ਸ਼ੁਰੂ ਕੀਤੀ ਗਈ ਹੈ। ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਰਾਜਿੰਦਰ ਅਗਰਵਾਲ ਦੀ ਰਹਿਨੁਮਾਈ ਹੇਠ ਸ਼ੁਰੂ ਕੀਤੀ ਗਈ, ਇਸ ਮੁਹਿੰਮ ਤਹਿਤ ਜਿਨ੍ਹਾਂ ਪਰਿਵਾਰਾਂ ਦੇ ਮੈਂਬਰ ਕੋਵਿਡ ਪਾਜ਼ੇਟਿਵ ਆਏ ਹਨ ਤੇ ਉਹ ਇਕਾਂਤਵਾਸ ’ਚ ਰਹਿ ਰਹੇ ਹਨ ਜਾਂ ਫਿਰ ਜਿਨ੍ਹਾਂ ਇਲਾਕਿਆਂ ਨੂੰ ਕੰਟੇਨਮੈਂਟ ਜ਼ੋਨ ਐਲਾਨਿਆ ਗਿਆ ਹੈ, ਉਥੇ ਦੇ ਵਸਨੀਕਾਂ ਨੂੰ ਖਾਣਾ ਪਹੁੰਚਾਉਣ ਲਈ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਵੱਲੋਂ ਖਾਣਾ ਪਹੁੰਚਾਇਆ ਜਾ ਰਿਹਾ ਹੈ। ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਦੇ ਸਕੱਤਰਮ ਪਰਮਿੰਦਰ ਕੌਰ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਐਲਾਨੇ ਗਏ ਕੰਟੇਨਮੈਂਟ ਜ਼ੋਨਾਂ ’ਚ ਰਹਿ ਰਹੇ ਲੋਕਾਂ ਨੂੰ ਖਾਣਾ ਪਹੁੰਚਾਉਣ ਲਈ ਅਥਾਰਿਟੀ ਵੱਲੋਂ ਸਰਵ ਵਰਗ ਆਦੀ ਸੇਵਾ ਸੰਸਥਾ, ਯੂਥ ਫੈਲਫੇਅਰ ਫਾਊਂਡੇਸ਼ਨ ਤੇ ਹੋਰਾਂ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਖਾਣਾ ਭੇਜਿਆ ਜਾ ਰਿਹਾ ਹੈ। ਇਸ ਦੌਰਾਨ ਇਕਾਂਤਵਾਸ ’ਚ ਰਹਿ ਰਹੇ ਵਿਅਕਤੀਆਂ ਵਿਚੋਂ ਰੋਜ਼ਾਨਾ 40 ਦੇ ਕਰੀਬ ਪੈਕੇਟ ਭੇਜੇ ਜਾ ਰਹੇ ਹਨ। ਇਸ ਮੌਕੇ ਪੀ.ਐੱਲ.ਵੀ. ਮਨਿੰਦਰ ਸਿੰਘ, ਪਰਮਜੀਤ ਸਿੰਘ, ਹਰਵਿੰਦਰ ਸਿੰਘ ਵੀ ਮੌਜੂਦ ਸਨ।