ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 1 ਫਰਵਰੀ
ਸ਼ਹਿਰ ਦੇ ਬੇਘਰੇ ਪਰਿਵਾਰਾਂ ਨੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਉਸ ਜ਼ਮੀਨ ਉੱਤੇ ਝੰਡਾ ਲਹਿਰਾ ਦਿੱਤਾ ਹੈ ਜਿਸਨੂੰ ਉਹ ਪਿਛਲੇ ਕਈ ਸਾਲਾਂ ਤੋਂ ਗ਼ਰੀਬ ਪਰਿਵਾਰਾਂ ਲਈ ਪਲਾਟਾਂ ਦੀ ਮੰਗ ਕਰ ਰਹੇ ਸਨ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਜਗਦੀਪ ਸਿੰਘ ਕਾਲਾ ਨੇ ਕਿਹਾ ਕਿ ਅੱਜ ਇਸ ਜ਼ਮੀਨ ਉੱਤੇ ਝੰਡਾ ਗੱਡਣ ਵਾਲੇ ਪਰਿਵਾਰ ਪਿਛਲੇ 11 ਸਾਲਾਂ ਤੋਂ ਸੰਘਰਸ਼ ਕਰਦੇ ਆ ਰਹੇ ਹਨ। ਜਦੋਂ ਉਨ੍ਹਾਂ ਵਲੋਂ ਨਗਰ ਕੌਂਸਲ ਪਾਸ ਪਲਾਟਾਂ ਦੀ ਮੰਗ ਕੀਤੀ ਤਾਂ ਨਗਰ ਕੌਂਸਲ ਅਧਿਕਾਰੀ ਇਹ ਕਹਿ ਕੇ ਪਿੱਛਾ ਛੁਡਾਉਣ ਦੀ ਕੋਸਿਸ਼ ਕਰਦੇ ਰਹੇ ਕਿ ਸ਼ਹਿਰ ਅੰਦਰ ਕਿਤੇ ਵੀ ਸਰਕਾਰੀ ਥਾਂ ਖਾਲੀ ਨਹੀਂ ਹੈ। ਉਨ੍ਹਾਂ ਦੱਸਿਆ ਕਿ ਜਿਸ ਜ਼ਮੀਨ ਉੱਤੇ ਆ ਕੇ ਉਨ੍ਹਾਂ ਸੰਘਰਸ਼ ਵਿੱਢਿਆ ਹੈ, ਇਹ ਜ਼ਮੀਨ ਲਗਭਗ 6 ਏਕੜ ਜ਼ਮੀਨ ਖਾਲੀ ਪਈ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਪਰਿਵਾਰਾਂ ਵੱੱਲੋਂ ਪਲਾਟਾਂ ਦੀ ਮੰਗ ਨੂੰ ਲੈ ਕੇ ਅਰਜ਼ੀਆਂ ਦਿੱਤੀਆਂ ਹੋਈਆਂ ਹਨ, ਉਨ੍ਹਾਂ ਨੂੰ ਪਲਾਟ ਕੱਟੇ ਜਾਣ। ਉਨ੍ਹਾਂ ਇਸ ਮੌਕੇ ਚਿਤਾਵਨੀ ਵੀ ਦਿੱਤੀ ਕਿ ਜੇਕਰ ਇਸ ਪਾਸੇ ਵੱਲ ਜਲਦ ਕੋਈ ਧਿਆਨ ਦੇਣ ਦੀ ਕੋਸਿਸ਼ ਨਾ ਕੀਤੀ ਗਈ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।