ਖੇਤਰੀ ਪ੍ਰਤੀਨਿਧ
ਪਟਿਆਲਾ, 6 ਨਵੰਬਰ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿਗ ਕਮੇਟੀ ਦੇ ਨਵੇਂ ਚੁਣੇ ਗਏ ਮੈਂਬਰਾਂ ਜਥੇਦਾਰ ਸੁਰਜੀਤ ਸਿੰਘ ਗੜ੍ਹੀ ਅਤੇ ਜਥੇਦਾਰ ਰਵਿੰਦਰ ਸਿੰਘ ਖਾਲਸਾ ਦਾ ਅੱਜ ਗੁਰਦੁਆਰਾ ਦੂਖਨਿਵਾਰਨ ਸਾਹਿਬ ਵਿਖੇ ਵਿਸ਼ਾਲ ਇਕੱਤਰਤਾ ਦੌਰਾਨ ਸਨਮਾਨ ਕੀਤਾ ਗਿਆ। ਮੈਨੇਜਰ ਨਿਸ਼ਾਨ ਸਿੰਘ ਜੱਫਰਵਾਲ ਦੀ ਅਗਵਾਈ ਹੇਠਾਂ ਵਿਸ਼ੇਸ਼ ਤੌਰ ’ਤੇ ਕਰਵਾਏ ਸਮਾਗਮ ਦੌਰਾਨ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਇਨ੍ਹਾਂ ਦੋਵਾਂ ਨਵੇਂ ਬਣੇ ਅੰਤ੍ਰਿਗ ਕਮੇਟੀ ਮੈਂਬਰਾਂ ਨੂੰ ਸਿਰੋਪੇ ਭੇਂਟ ਕੀਤੇ। ਜ਼ਿਕਰਯੋਗ ਹੈ ਕਿ ਪਟਿਆਲਾ ਜ਼ਿਲ੍ਹੇ ਦੇ ਰਾਜਪੁਰਾ ਹਲਕੇ ਤੋਂ ਲਗਾਤਾਰ ਵੀਹ ਸਾਲਾਂ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਚੱਲੇ ਆ ਰਹੇ ਸੁਰਜੀਤ ਸਿੰਘ ਗੜ੍ਹੀ ਨੂੰ ਐਤਕੀਂ 14ਵੀਂ ਵਾਰ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਤੇ ਅੰਤ੍ਰਿੰਗ ਕਮੇਟੀ ਦਾ ਮੈਂਬਰ ਚੁਣਿਆ ਗਿਆ ਹੈੇ। ਇਸੇ ਤਰ੍ਹਾਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਨਾਲ ਸਬੰਧਤ ਰਵਿੰਦਰ ਸਿੰਘ ਖਾਲਸਾ ਵੀ ਅੰਤ੍ਰਿੰਗ ਕਮੇਟੀ ਮੈਂਬਰ ਬਣਾਏ ਗਏ ਹਨ। ਇਸ ਮੌਕੇ ਹੀ ਗੁਰਦੁਆਰਾ ਪ੍ਰਬੰਧਕਾਂ ਪਿਛਲੇ ਸਾਲ ਅੰਤ੍ਰਿੰਗ ਮੈਂਬਰ ਰਹੇ ਜਥੇਦਾਰ ਜਸਮੇਰ ਸਿੰਘ ਲਾਛੜੂ ਸਮੇਤ ਸਤਵਿੰਦਰ ਸਿੰਘ ਟੌਹੜਾ ਅਤੇ ਜਰਨੈਲ ਸਿੰਘ ਕਰਤਾਰਪੁਰ ’ਤੇ ਆਧਾਰਤ ਪਟਿਆਲਾ ਜ਼ਿਲ੍ਹੇ ਨਾਲ ਸਬੰਧਤ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦਾ ਵੀ ਸਨਮਾਨ ਕੀਤਾ ਗਿਆ।