ਪੱਤਰ ਪ੍ਰੇਰਕ
ਪਟਿਆਲਾ, 9 ਜੁਲਾਈ
ਅੱਜ ਆਮ ਆਦਮੀ ਪਾਰਟੀ ਸ਼ਹਿਰੀ ਪਟਿਆਲਾ ਵੱਲੋਂ ਨਵ-ਨਿਯੁਕਤ ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਦਾ ਸਨਮਾਨ ਕੀਤਾ ਗਿਆ। ਇਸ ਦੌਰਾਨ ‘ਆਪ’ ਦੇ ਸੀਨੀਅਰ ਆਗੂ ਪਟਿਆਲਾ ਸ਼ਹਿਰੀ ਕੁੰਦਨ ਗੋਗੀਆ ਨੇ ਕਿਹਾ ਕਿ ਡਾ. ਸੋਢੀ ਪਹਿਲਾ ਵਾਂਗ ਹੀ ਲੋੜਵੰਦਾਂ ਦੀ ਸੇਵਾ ਕਰਦੇ ਰਹਿਣਗੇ। ਇਸ ਮੌਕੇ ਸੁਸ਼ੀਲ ਮਿੱਡਾ, ਰਾਜਿੰਦਰ ਮੋਹਨ, ਜਸਵਿੰਦਰ ਸਿੰਘ ਰਿੰਪਾ,ਰਾਜਬੀਰ ਸਿੰਘ (ਚਾਰੋਂ ਬਲਾਕ ਪ੍ਰਧਾਨ) ਜਗਤਾਰ ਸਿੰਘ ਤਾਰੀ ਸੀਨੀਅਰ ਆਗੂ, ਅਨਿਲ ਮਹਿਰਾ, ਰਾਜੇਸ਼ ਮਿੰਟੂ,ਸਾਗਰ ਧਾਲੀਵਾਲ ਯੂਥ ਆਗੂ ,ਹਰਨੀਤ ਸਿੰਘ, ਅਦਿੱਤਿਆ ਕੁਮਾਰ, ਗਗਨ ਧਾਲੀਵਾਲ, ਨੀਲਕੰਠ ਲੱਕੀ, ਵਿਨੈ ਕੁਮਾਰ, ਕਨ੍ਹਈਆ ਲਾਲ ਮੁਲਤਾਨੀ ਵੀ ਮੌਜੂਦ ਰਹੇ। ‘ਆਪ’ ਦੇ ਸਾਬਕਾ ਸੈਨਿਕ ਵਿੰਗ ਦੇ ਸੂਬਾ ਪ੍ਰਧਾਨ ਰਹੇ ਮੇਜਰ ਆਰਪੀਐੱਸ ਮਲਹੋਤਰਾ ਨੂੰ ਪਿੰਡ ਲੰਗ ਦੇ ਲੋਕਾਂ ਨੇ ਮੁਸ਼ਕਲਾਂ ਦੱਸੀਆਂ, ਪਿੰਡ ਦੀ ਡਿਸਪੈਂਸਰੀ ਵਿੱਚ ਦਵਾਈਆਂ ਰੈਗੂਲਰ ਤੌਰ ’ਤੇ ਨਹੀਂ ਮਿਲਦੀਆਂ ਅਤੇ ਨਾ ਹੀ ਏਥੇ ਕੋਈ ਬੈੱਡ ਦਾ ਕੋਈ ਇੰਤਜ਼ਾਮ ਹੈ ਅਤੇ ਸਟਾਫ਼ ਵੀ ਸਮੇਂ ਸਿਰ ਨਹੀਂ ਪਹੁੰਚਦਾ ਹੈ। ਪਾਣੀ ਦੀ ਕਿੱਲਤ ਬਾਰੇ ਦੱਸਦਿਆਂ ਪਿੰਡ ਵਾਸੀਆਂ ਨੇ ਕਿਹਾ ਕਿ ਪਿੰਡ ਵਿੱਚ ਪਾਣੀ ਦੀ ਓਵਰ ਹੈੱਡ ਟੈਂਕੀ ਹੁੰਦੇ ਹੋਏ ਵੀ ਘਰਾਂ ਵਿਚ ਪਾਣੀ ਨਹੀਂ ਪਹੁੰਚਦਾ। ਪਿੰਡ ਵਿੱਚ ਬਣਿਆ ਸੇਵਾ ਕੇਂਦਰ ਵੀ ਬੰਦ ਪਿਆ ਹੈ ਅਤੇ ਪਿੰਡ ਦੀ ਫਿਰਨੀ ਦੀ ਵੀ ਹਾਲਤ ਬਹੁਤ ਖਸਤਾ ਹੈ। ਸਿਉਣਾ ਚੌਕ ਤੋਂ ਲੰਗ ਨੂੰ ਜਾਣ ਵਾਲੀ ਸੜਕ ਦੀ ਹਾਲਤ ਵੀ ਬਹੁਤ ਖ਼ਰਾਬ ਹੈ।