ਪੱਤਰ ਪ੍ਰੇਰਕ
ਪਟਿਆਲਾ 20 ਅਪਰੈਲ
ਕੁੱਲ ਹਿੰਦ ਅੰਤਰ-ਯੂਨੀਵਰਸਿਟੀ ਨਿਸ਼ਾਨੇਬਾਜ਼ੀ ਮੁਕਾਬਲਿਆਂ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਨਿਸ਼ਾਨੇਬਾਜ਼ਾਂ ਵੱਲੋਂ ਵੱਖ-ਵੱਖ ਈਵੈਂਟਾਂ ਵਿੱਚ ਪੁਜ਼ੀਸ਼ਨਾਂ ਹਾਸਲ ਕਰਨ ਉਪਰੰਤ ਖਿਡਾਰੀਆਂ ਦੇ ਯੂਨੀਵਰਸਿਟੀ ਵਿੱਚ ਪਰਤਣ ’ਤੇ ਉਪ ਕੁਲਪਤੀ ਪ੍ਰੋ. ਅਰਵਿੰਦ ਅਤੇ ਸਮੂਹ ਖੇਡ ਵਿਭਾਗ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਨਿਰਦੇਸ਼ਕ ਖੇਡਾਂ ਡਾ. ਗੁਰਦੀਪ ਕੌਰ ਰੰਧਾਵਾ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਪੰਜਾਬੀ ਯੂਨੀਵਰਸਿਟੀ ਏਅਰ ਰਾਈਫ਼ਲ ਸ਼ੂਟਿੰਗ ਮਹਿਲਾ ਟੀਮ ਨੇ ਸੋਨ ਤਗਮਾ ਅਤੇ ਮਿਕਸਡ ਟੀਮ ਨੇ ਚਾਂਦੀ ਦਾ ਤਗਮਾ ਜਿੱਤਿਆ, ਜਦੋਂਕਿ ਸਕੀਟ, ਟਰੈਪ ਅਤੇ ਸਪੋਰਟਸ ਪਿਸਟਲ ਮੁਕਾਬਲਿਆਂ ਵਿੱਚ ਯੂਨੀਵਰਸਿਟੀ ਟੀਮਾਂ ਨੇ 2 ਸੋਨ, 4 ਕਾਂਸੀ ਦੇ ਤਗਮੇ ਅਤੇ ਇਕ ਵਿਅਕਤੀਗਤ ਕਾਂਸੀ ਦਾ ਮੈਡਲ ਹਾਸਲ ਕਰਨ ਦਾ ਮਾਣ ਪ੍ਰਾਪਤ ਕੀਤਾ। ਪ੍ਰੋ. ਅਰਵਿੰਦ ਵੱਲੋਂ ਖਿਡਾਰੀਆਂ ਅਤੇ ਟੀਮ ਦੀ ਕੋਚ ਸਵਰਨਜੀਤ ਕੌਰ ਨੂੰ ਉਚੇਚੇ ਤੌਰ ’ਤੇ ਵਧਾਈ ਦਿੱਤੀ ਗਈ। ਇਸ ਮੌਕੇ ਸਹਾਇਕ ਨਿਰਦੇਸ਼ਕ ਖੇਡਾਂ ਮਹਿੰਦਰਪਾਲ ਕੌਰ, ਡਾ. ਦਲਬੀਰ ਸਿੰਘ ਰੰਧਾਵਾ ਅਤੇ ਨਿਗਰਾਨ ਖੇਡਾਂ ਦੇਵਕੀ ਦੇਵੀ ਵੀ ਮੌਜੂਦ ਸਨ।