ਖੇਤਰੀ ਪ੍ਰਤੀਨਿਧ/ਪੱਤਰ ਪ੍ਰੇਰਕ
ਪਟਿਆਲਾ, 17 ਜੁਲਾਈ
ਜ਼ਿਲ੍ਹਾ ਪ੍ਰਸਾਸਨ ਵੱਲੋਂ ਵਿੱਢੀ ਗਈ ਮੁਹਿੰਮ ਤਹਿਤ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੀ ਅਗਵਾਈ ਹੇਠ ਪਟਿਆਲਾ ਜ਼ਿਲ੍ਹੇ ’ਚ ਅੱਜ ਚੌਥੇ ਮਹੀਨੇ ਲਗਾਤਾਰ 9 ਜਨ ਸੁਵਿਧਾ ਕੈਂਪ ਲਾਏ ਗਏ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਭਾਵੇਂ ਇਹ ਕੈਂਪ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਲਾਏ ਗਏ ਹਨ ਪਰ ਇਸ ਦੌਰਾਨ ਜ਼ਿਲ੍ਹੇ ਵਿਚਲੇ ਸਾਰੇ ਹੀ ਹਲਕਿਆਂ ’ਚ ਹਲਕਾ ਵਿਧਾਇਕਾਂ ਦਾ ਭਰਵਾਂ ਸਹਿਯੋਗ ਰਿਹਾ। ਇਸ ਦੌਰਾਨ ਬਹੁਤੇ ਵਿਧਾਇਕਾਂ ਨੇ ਵੀ ਨਿੱਜੀ ਤੌਰ ’ਤੇ ਸ਼ਿਰਕਤ ਕੀਤੀ ਜਿਨ੍ਹਾਂ ਨੇ ਲਾਭਪਾਤਰੀਆਂ ਨੂੰ ਸਰਟੀਫਿਕੇਟ ਵੰਡੇ। ਵਿਧਾਇਕਾਂ ਦਾ ਤਰਕ ਸੀ ਕਿ ਸਰਕਾਰੀ ਸਹੂਲਤਾਂ ਦਾ ਲਾਭ ਹਰੇਕ ਲੋੜਵੰਦ ਤੱਕ ਪੁੱਜਦਾ ਕਰਨਾ, ‘ਆਪ’ ਸਰਕਾਰ ਦੀਆਂ ਪਹਿਲੀਆਂ ਤਰਜੀਹਾਂ ’ਚ ਸ਼ਾਮਲ ਹੈ। ਲੋਕਾਂ ਨੂੰ ਘਰਾਂ ਨੇੜੇ ਹੀ ਸਰਕਾਰੀ ਸੇਵਾਵਾਂ ਪ੍ਰਦਾਨ ਕਰਨ ਦੇ ਮਕਸਦ ਨਾਲ ਸ਼ੁਰੂ ਕੀਤੇ ਗਏ ‘ਜਨ ਸੁਵਿਧਾ’ ਕੈਂਪਾਂ ਤਹਿਤ ਅੱਜ ਪਟਿਆਲਾ ਜ਼ਿਲ੍ਹੇ ’ਚ ਚੌਥੇ ਮਹੀਨੇ ਵੀ ਹਲਾਕਾਵਾਰ ਨੌਂ ਜਨ ਸੁਵਿਧਾ ਕੈਂਪ ਲਗਾਏ ਗਏ।
ਵਿਧਾਇਕਾਂ ਦਾ ਕਹਿਣਾ ਸੀ ਕਿ ‘ਆਪ’ ਸਰਕਾਰ ਵੱਲੋਂ ਲੋਕਾਂ ਨੂੰ ਉਨ੍ਹਾਂ ਦੀ ਘਰਾਂ ਦੇ ਨੇੜੇ ਪਹੁੰਚ ਬਣਾ ਕੇ ਆਪਣੇ ਕੰਮ ਕਰਵਾਉਣ ਦੀ ਸੁਵਿਧਾ ਮੁਹੱਈਆ ਕਰਵਾਉਣ ਦੀ ਇਹ ਵਿਵਸਥਾ ‘ਆਪ’ ਸਰਕਾਰ ਵੱਲੋਂ ਹੀ ਬਣਾਈ ਗਈ ਹੈ ਜਦਕਿ ਕਿ ਪਿਛਲੀਆਂ ਸਰਕਾਰਾਂ ਦੌਰਾਨ ਘਰਾਂ ਦੇ ਨੇੜੇ ਤਾਂ ਕੀ, ਬਲਕਿ ਘਰਾਂ ਤੋਂ ਦੂਰ ਦਫਤਰਾਂ ’ਚ ਪਹੁੰਚਣ ’ਤੇ ਵੀ ਲੋਕਾਂ ਦੇ ਕੰਮ ਨਹੀਂ ਸਨ ਹੁੰਦੇ।
ਡਿਪਟੀ ਕਮਿਸ਼ਨਰ ਦਾ ਕਹਿਣਾ ਸੀ ਕਿ ਕਿਸੇ ਵੀ ਵਿਅਕਤੀ ਨੂੰ ਇਨ੍ਹਾਂ ਸਕੀਮਾਂ ਦਾ ਲਾਭ ਉਠਾਉਣ ਤੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ। ਇਸੇ ਦੌਰਾਨ ਪਟਿਆਲਾ ਦਿਹਾਤੀ ’ਚ ਡਾ. ਬਲਬੀਰ ਸਿੰਘ ਤੇ ਸਨੌਰ ’ਚ ਹਲਕਾ ਵਿਧਾਇਕ ਹਰਮੀਤ ਪਠਾਣਮਾਜਰਾ ਦੇ ਸਹਿਯੋਗ ਨਾਲ ਜਨ ਸੁਵਿਧਾ ਕੈਂਪ ਲਾ ਕੇ ਲੋਕਾਂ ਦੇ ਕੰਮਾਂ ਦਾ ਨਿਪਟਾਰਾ ਕੀਤਾ ਗਿਆ ਹੈ। ਇਂੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਅੱਜ ਜ਼ਿਲ੍ਹੇ ਭਰ ’ਚ ਲੱਗੇ ਨੌ ਜਨ ਸੁਵਿਧਾ ਕੈਂਪਾਂ ਦੌਰਾਨ ਅੱਠ ਹਜ਼ਾਰ ਤੋਂ ਵੀ ਵੱਧ ਲੋਕਾਂ ਨੇ ਸ਼ਿਰਕਤ ਕੀਤੀ ਜਿਨ੍ਹਾਂ ਵਿੱਚੋਂ ਕਰੀਬ ਦੋ ਹਜ਼ਾਰ ਲਾਭਪਾਤਰੀਆਂ ਨੇ ਆਪਣੇ ਕੰਮਾਂ ਦੇ ਨਿਪਟਾਰੇ ਲਈ ਅਰਜ਼ੀਆਂ ਦਾਇਰ ਕੀਤੀਆਂ। ਇਨ੍ਹਾਂ ਵਿੱਚੋਂ 500 ਲਾਭਪਾਤਰੀ ਕੰਮ ਕਰਵਾਉਣ ਲਈ ਯੋਗ ਪਾਏ ਗਏ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਨੋਡਲ ਅਫ਼ਸਰ ਏ.ਡੀ.ਸੀ. (ਦਿਹਾਤੀ ਵਿਕਾਸ) ਈਸ਼ਾ ਸਿੰਘਲ, ਐੱਸ.ਡੀ.ਐੱਮਜ਼ ਡਾ. ਇਸਮਤ ਵਿਜੇ ਸਿੰਘ, ਚਰਨਜੀਤ ਸਿੰਘ, ਡਾ. ਸੰਜੀਵ ਕੁਮਾਰ, ਕੰਨੂ ਗਰਗ, ਕਿਰਪਾਲ ਵੀਰ ਸਿੰਘ ਤੇ ਨਵਦੀਪ ਕੁਮਾਰ ਦੀ ਦੇਖ-ਰੇਖ ਹੇਠ ਵੱਖ-ਵੱਖ ਸਰਕਾਰੀ ਵਿਭਾਗਾਂ ਵੱਲੋਂ ਸਰਕਾਰੀ ਸਕੀਮਾਂ ਦਾ ਲਾਭ ਯੋਗ ਲੋਕਾਂ ਤੱਕ ਪਹੁੰਚਾਇਆ ਗਿਆ।