ਗੁਰਨਾਮ ਸਿੰਘ ਚੌਹਾਨ
ਪਾਤੜਾਂ, 7 ਮਈ
ਕਰੋਨਾਵਾਇਰਸ ਦੇ ਵਧਦੇ ਕਹਿਰ ਦੇ ਮੱਦੇਨਜ਼ਰ ਆਕਸੀਜਨ ਦੀ ਕਮੀ ਨਾਲ ਦੇਸ਼ ਜੂਝ ਰਿਹਾ ਹੈ, ਉਥੇ ਹੀ ਖੇਤਾਂ ਵਿੱਚ ਕਿਸਾਨਾਂ ਵੱਲੋਂ ਕਣਕ ਦੀ ਰਹਿੰਦ-ਖੂੰਹਦ ਨੂੰ ਲਗਾਈ ਜਾ ਰਹੀ ਅੱਗ ਕਾਰਨ ਆਕਸੀਜਨ ਦਾ ਮੁੱਖ ਸੋਮਾ ਸੜਕਾਂ ਕਿਨਾਰੇ ਲੱਗੇ ਰੁੱਖ ਸੜ ਕੇ ਸੁਆਹ ਹੋ ਰਹੇ ਹਨ। ਝੁਲਸੇ ਦਰੱਖ਼ਤਾਂ ਨੂੰ ਲੈ ਕੇ ਜੰਗਲਾਤ ਵਿਭਾਗ ਵੱਲੋਂ ਸਖ਼ਤ ਰੁਖ ਅਖਤਿਆਰ ਕੀਤਾ ਜਾ ਰਿਹਾ ਹੈ। ਸਰਕਾਰ ਵੱਲੋਂ ਵਰਤੀ ਜਾ ਰਹੀ ਲਾਪ੍ਰਵਾਹੀ ਕਾਰਨ ਹਾੜ੍ਹੀ ਦੀ ਪ੍ਰਮੁੱਖ ਫ਼ਸਲ ਕਣਕ ਦੇ ਨਾੜ ਨੂੰ ਕਿਸਾਨਾਂ ਵੱਲੋਂ ਅੱਗ ਲਗਾਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਪਿੰਡਾਂ ਨੂੰ ਆਪਸ ਵਿੱਚ ਜੋੜਨ ਵਾਲੀਆਂ ਬਹੁ ਗਿਣਤੀ ਲਿੰਕ ਸੜਕਾਂ ਅਤੇ ਨਹਿਰੀ ਰਜਬਾਹਿਆਂ ਉੱਤੇ ਸ੍ਰੀ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ੁਰੂ ਕੀਤੀ ਗਈ ਹਰਿਆਲੀ ਲਹਿਰ ਤਹਿਤ ਜੰਗਲਾਤ ਵਿਭਾਗ ਅਤੇ ਗ੍ਰਾਮ ਪੰਚਾਇਤਾਂ ਵੱਲੋਂ ਸੈਂਕੜੇ ਦਰੱਖ਼ਤ ਲਗਾਏ ਗਏ ਸਨ ਪਰ ਨਾੜ ਨੂੰ ਲਗਾਈ ਗਈ ਅੱਗ ਕਾਰਨ ਬਹੁਤ ਸਾਰੀਆਂ ਥਾਵਾਂ ਉੱਤੇ ਲਗਾਏ ਗਏ ਰੁੱਖ ਲਗਾਤਾਰ ਝੁਲਸਦੇ ਜਾ ਰਹੇ ਹਨ।
ਰੁੱਖਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਬਖਸ਼ੇ ਨਹੀਂ ਜਾਣਗੇ: ਵਣ ਅਧਿਕਾਰੀ
ਗੁਰਿੰਦਰਜੀਤ ਸਿੰਘ ਵਣ ਗਾਰਡ ਪਾਤੜਾਂ ਨੇ ਦੱਸਿਆ ਕਿ ਜੰਗਲਾਤ ਵਿਭਾਗ ਵੱਲੋਂ ਸਮੇਂ ਸਮੇਂ ਤੇ ਵੱਡੀ ਪੱਧਰ ਉੱਤੇ ਲਿੰਕ ਸੜਕਾਂ ਉੱਤੇ ਰੁੱਖ ਲਗਾਏ ਗਏ ਹਨ ਅਤੇ ਉਨ੍ਹਾਂ ਦੀ ਸਾਂਭ ਸੰਭਾਲ ਲਈ ਬਕਾਇਦਾ ਉਪਰਾਲੇ ਕਰਨ ਦੇ ਨਾਲ ਨਾਲ ਦਰੱਖਤਾਂ ਦੀ ਨਿਗਰਾਨੀ ਕੀਤੀ ਜਾਂਦੀ ਹੈ । ਕਿਸਾਨਾਂ ਵੱਲੋਂ ਲਗਾਈ ਗਈ ਅੱਗ ਕਾਰਨ ਕਈ ਥਾਵਾਂ ਉੱਤੇ ਰੁੱਖ ਸੜਨ ਦੀਆਂ ਖ਼ਬਰਾਂ ਮਿਲੀਆਂ ਹਨ, ਜਿਨ੍ਹਾਂ ਵਿੱਚੋਂ ਬਹੁਤ ਸਾਰਿਆਂ ਦੇ ਚਲਾਨ ਕੱਟ ਦਿੱਤੇ ਗਏ ਹਨ। ਬਾਕੀ ਰਹਿੰਦੇ ਮਾਮਲਿਆਂ ਸਬੰਧੀ ਨਿਸ਼ਾਨਦੇਹੀ ਕੀਤੀ ਜਾ ਰਹੀ ਹੈ। ਰੁੱਖਾਂ ਨੂੰ ਨੁਕਸਾਨ ਪਹੁੰਚਾਉਣ ਵਾਲੀ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ ।
ਕਿਸਾਨਾਂ ਨੂੰ ਖੇਤਾਂ ਵਿੱਚ ਅੱਗ ਨਾ ਲਾਉਣ ਦੀ ਅਪੀਲ
ਸੇਵਾਮੁਕਤ ਖੇਤੀਬਾੜੀ ਅਧਿਕਾਰੀ ਡਾ. ਇੰਦਰਪਾਲ ਸਿੰਘ ਸੰਧੂ ਨੇ ਕਿਹਾ ਕਿ ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਉੱਤੇ ਖੇਤਾਂ ਵਿੱਚ ਅੱਗ ਲਗਾਉਣਾ ਮੰਦਭਾਗਾ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਖੇਤਾਂ ਵਿੱਚ ਅੱਗ ਲਗਾਉਣ ਨਾਲ ਧਰਤੀ ਦੇ ਉਪਜਾਊ ਤੱਤ ਨਸ਼ਟ ਹੋ ਜਾਂਦੇ ਹਨ, ਇਸ ਲਈ ਅੱਗ ਲਗਾਉਣ ਤੋਂ ਪਰਹੇਜ਼ ਕਰਕੇ ਕੁਦਰਤ ਹਿਤੈਸ਼ੀ ਹੋਣ ਦਾ ਸਬੂਤ ਦਿੱਤਾ ਜਾਵੇ।