ਪੱਤਰ ਪ੍ਰੇਰਕ
ਪਟਿਆਲਾ, 30 ਜੁਲਾਈ
ਪਟਿਆਲਾ ਸ਼ਹਿਰ ਦੇ ਜੋੜੀਆਂ ਭੱਠੀਆਂ ਚੌਕ ਵਿੱਚ ਰਾਮ-ਲੀਲਾ ਮੰਚ ’ਤੇ 51 ਦੇ ਕਰੀਬ ਸਨਾਤਨ ਧਰਮ ਵਿੱਚ ਆਸਥਾ ਰੱਖਣ ਵਾਲੇ ਪਟਿਆਲਾ ਦੇ ਸੱਜਣ ਪਤਵੰਤਿਆਂ ਵੱਲੋਂ ਸਵੇਰੇ ਤੋਂ ਹੀ ਭੁੱਖ ਹੜਤਾਲ ਦੀ ਸ਼ੁਰੂਆਤ ਕੀਤੀ ਗਈ। ਇਨ੍ਹਾਂ ਹਿੰਦੂ ਆਗੂਆਂ ਦਾ ਸਰਬਜੀਤ ਉੱਖਲਾ ਦੀ ਕਿਤਾਬ ‘ਰਮਾਇਣ ਬੁੱਧੀ ਕੀ ਕਸੌਟੀ ਪਰ’ ਦਾ ਵਿਰੋਧ ਹੈ। ਉਹ ਕਹਿੰਦੇ ਹਨ ਕਿ ਇਸ ਕਿਤਾਬ ਵਿਚ ਸ੍ਰੀ ਰਮਾਇਣ ਦੇ ਵਿਰੁੱਧ ਟਿੱਪਣੀਆਂ ਹਨ, ਜਿਸ ਦੀ ਉਹ ਆਨਲਾਈਨ ਸੇਲ ਕਰ ਰਿਹਾ ਹੈ। ਦੋ ਸਾਲ ਪਹਿਲਾਂ ਉਸ ਵਿਅਕਤੀ ਉੱਤੇ ਐਫਆਈਆਰ ਨੰਬਰ 51/2022 ਅਧੀਨ ਧਾਰਾ 295ਏ ਦਰਜ ਕਰਵਾਈ ਗਈ ਪਰ ਵਾਰ ਵਾਰ ਮੰਗ ਕਰਨ ’ਤੇ ਵੀ ਪੁਲੀਸ ਪ੍ਰਸ਼ਾਸਨ ਵੱਲੋਂ ਅੱਜ ਤੱਕ ਉਸ ਵਿਅਕਤੀ ਨੂੰ ਨਾ ਗ੍ਰਿਫ਼ਤਾਰ ਕੀਤਾ ਗਿਆ ਅਤੇ ਨਾ ਹੀ ਚਲਾਨ ਪੇਸ਼ ਕੀਤਾ ਗਿਆ। ਇਸ ਤੋਂ ਦੁਖੀ ਹੋ ਕੇ ਰੋਸ ਪ੍ਰਦਰਸ਼ਨ ਕਰਨ ਲਈ ਅੱਜ ਜੋੜੀਆਂ ਭੱਠੀਆਂ ਚੌਕ ਦੇ ਰਾਮ ਲੀਲਾ ਮੰਚ ’ਤੇ 51 ਹਿੰਦੂਆਂ ਵੱਲੋਂ ਭੁੱਖ ਹੜਤਾਲ ਕੀਤੀ ਗਈ ਅਤੇ ਉਸ ਸਰਬਜੀਤ ਉੱਖਲਾ ਦਾ ਪੁਤਲਾ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਮੌਕੇ ਪੁੱਜੇ ਡੀਐਸਪੀ ਸਿਟੀ-1 ਤੇ ਹੋਰ ਪੁਲੀਸ ਅਧਿਕਾਰੀਆਂ ਦੇ ਵਿਸ਼ਵਾਸ ਦਿਵਾਉਣ ’ਤੇ ਪ੍ਰਦਰਸ਼ਨਕਾਰੀਆਂ ਨੇ ਧਰਨਾ ਚੁੱਕਿਆ।
ਜਾਂਚ ਲਈ ਐੱਸਐੱਸਪੀ ਨੂੰ ਦਰਖਾਸਤ ਦਿੱਤੀ: ਸਰਬਜੀਤ ਉੱਖਲਾ
ਲੇਖਕ ਸਰਬਜੀਤ ਉੱਖਲਾ ਨੇ ਕਿਹਾ ਕਿ ਉਸ ਨੇ ਹਾਈ ਕੋਰਟ ਤੋਂ ਜ਼ਮਾਨਤ ਲੈ ਕੇ ਜਾਂਚ ਵਿਚ ਸ਼ਮੂਲੀਅਤ ਵੀ ਕੀਤੀ ਹੈ ਤੇ ਇਸ ਕੇਸ ਦੀ ਜਾਂਚ ਕਰਨ ਲਈ ਐੱਸਐੱਸਪੀ ਪਟਿਆਲਾ ਨੂੰ ਦਰਖਾਸਤ ਵੀ ਦਿੱਤੀ ਹੈ, ਕਿਉਂਕਿ ਇਹ ਐਫਆਈਆਰ ਝੂਠੇ ਤੱਥਾਂ ’ਤੇ ਦਰਜ ਕੀਤੀ ਹੈ, ਜਦੋਂ ਐੱਸਐੱਸਪੀ ਜਾਂਚ ਕਰਨਗੇ ਤਾਂ ਸਾਰਾ ਕੁਝ ਸਪਸ਼ਟ ਹੋ ਜਾਵੇਗਾ ਤੇ ਐਫਆਈਆਰ ਰੱਦ ਹੋਣੀ ਚਾਹੀਦੀ ਹੈ।