ਸਰਬਜੀਤ ਸਿੰਘ ਭੰਗੂ
ਪਟਿਆਲਾ, 25 ਜੁਲਾਈ
ਆਪਣੀਆਂ ਮੰਗਾਂ ਦੀ ਪੂਰਤੀ ਲਈ ਮਲਟੀਪਰਪਜ਼ ਹੈਲਥ ਵਰਕਰ ਯੂਨੀਅਨ ਫੀਮੇਲ ਨਾਲ ਸਬੰਧਿਤ ਆਗੂਆਂ ਅੱਜ ਇੱਥੇ ਸਿਵਲ ਸਰਜਨ ਦਫ਼ਤਰ ਦੇ ਮੁੂਹਰੇ ਭੁੱਖ ਹੜਤਾਲ਼ ’ਤੇ ਬੈਠੀਆਂ। ਇਨ੍ਹਾਂ ਵਿੱਚ ਸੁਖਜੀਤ ਕੌਰ, ਰਾਜਵਿੰਦਰ ਕੌਰ, ਸੰਦੀਪ ਕੌਰ, ਚਰਨਜੀਤ ਕੌਰ ਅਤੇ ਮਨਦੀਪ ਕੌਰ ਦੇ ਨਾਮ ਸ਼ਾਮਲ ਹਨ। ਮੰਗਾਂ ਬਾਰੇ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਐੱਨਐੱਚਐਮ ਅਧੀਨ ਕੰਮ ਕਰ ਰਹੀਆਂ 2211 ਮਲਟੀਪਰਪਜ਼ ਹੈਲਥ ਵਰਕਰ ਫੀਮੇਲ ਨੂੰ ਪਹਿਲ ਦੇ ਆਧਾਰ ’ਤੇ ਪੱਕਾ ਕੀਤਾ ਜਾਵੇ, 1263 ਨਵ ਨਿਯੁਕਤ ਹੈਲਥ ਵਰਕਰਾਂ ਦਾ ਪਰਖ ਕਾਲ ਸਮਾਂ ਦੋ ਸਾਲ ਕੀਤਾ ਜਾਵੇ, ਕਰੋਨਾ ਦੌਰਾਨ ਕੰਮ ਕਰਨ ਵਾਲ਼ੇ ਸਿਹਤ ਮੁਲਾਜ਼ਮਾਂ ਨੂੰ ਸਪੈਸ਼ਲ ਇਨਕਰੀਮੈਂਟ ਦਿੱਤੇ ਜਾਣ। ਜਥੇਬੰਦੀ ਦੀ ਜ਼ਿਲ੍ਹਾ ਪ੍ਰਧਾਨ ਮੀਨਾ ਰਾਣੀ ਅਤੇ ਜ਼ਿਲ੍ਹਾ ਆਗੂ ਰਾਜਬੀਰ ਕੌਰ ਰਾਮਗੜ੍ਹ ਦਾ ਕਹਿਣਾ ਸੀ ਕਿ ਜਥੇਬੰਦੀ ਦੀ ਸੂਬਾਈ ਲੀਡਰਸ਼ਿਪ ਵੱਲੋਂ ਲਏ ਗਏ ਫੈਸਲੇ ਤਹਿਤ ਇਸੇ ਤਰ੍ਹਾਂ ਰੋਜ਼ਾਨਾ ਜ਼ਿਲ੍ਹਾ ਹੈੱਡ ਕੁਆਰਟਰਾਂ ’ਤੇ 6 ਅਗਸਤ ਤੱਕ ਲੜੀਵਾਰ ਭੁੱਖ ਹੜਤਾਲ ਜਾਰੀ ਰਹੇਗੀ। ਇਸ ਦੌਰਾਨ ਰੋਜ਼ਾਨਾ ਪੰਜ ਪੰਜ ਫਾਰਮਾਸਿਸਟ ਵਰਕਰ ਭੁੱਖ ਹੜਤਾਲ਼ ’ਤੇ ਬੈਠਿਆ ਕਰਨਗੀਆਂ।
ਇਸ ਦੌਰਾਨ ਕੋਵਿਡ ਸਮੇਤ ਹੋਰ ਸਾਰੀਆਂ ਰਿਪੋਰਟ ਤਿਆਰ ਕਰਨ ਦਾ ਬਾਈਕਾਟ ਜਾਰੀ ਰਹੇਗਾ। ਜੇਕਰ ਛੇ ਅਗਸਤ ਤੱਕ ਵੀ ਉਨ੍ਹਾਂ ਦੀਆਂ ਮੰਗਾਂ ਦੀ ਪੂਰਤੀ ਨਾ ਹੋਈ, ਤਾਂ ਜਥੇਬੰਦੀ ਵੱਲੋਂ ਮੁੱਖ ਮੰਤਰੀ ਦੇ ਪਟਿਆਲਾ ਸਥਿਤ ਨਿਵਾਸ ਸਥਾਨ ਦਾ ਘਿਰਾਓ ਵੀ ਕੀਤਾ ਜਾਵੇਗਾ। ਇਸ ਮੌਕੇ ਮੀਨਾ ਰਾਣੀ, ਰਾਜਬੀਰ ਕੌਰ, ਜਸਵਿੰਦਰ ਕੌਰ, ਕੁਲਦੀਪ ਕੌਰ, ਪਰਮਜੀਤ ਕੌਰ ਅਤੇ ਕਈ ਹੋਰਨਾ ਨੇ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਦੇ ਰਾਹੀਂ ਪੰਜਾਬ ਸਰਕਾਰ ਦੇ ਨਾਮ ਮੰਗ ਪੱਤਰ ਵੀ ਦਿੱਤਾ। ਜਿਸ ਦੌਰਾਨ ਉਕਤ ਮੰਗਾਂ ਦੀ ਪੂਰਤੀ ’ਤੇ ਜ਼ੋਰ ਦਿੱਤਾ ਗਿਆ।