ਪੱਤਰ ਪ੍ਰੇਰਕ
ਪਟਿਆਲਾ, 13 ਮਈ
ਐਸਟੀਐਫ਼ ਦੀ ਟੀਮ ਨੇ ਪਤੀ ਪਤਨੀ ਦੇ ਕਬਜੇ ਵਿਚੋਂ 101 ਗਰਾਮ ਸਮੈਕ ਬਰਾਮਦ ਕੀਤੀ ਗਈ ਹੈ। ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਵੱਖਰੇ ਮਾਮਲਿਆਂ ’ਚ ਦੋ ਹੋਰ ਮਹਿਲਾਵਾਂ ਤੋਂ ਵੀ ਨਸ਼ੀਲੇ ਪਦਾਰਥ ਫੜੇ ਹਨ। ਐਸ.ਟੀ.ਐਫ਼ ਦੇ ਐਸ.ਪੀ ਸਰਬਜੀਤ ਸਿੰਘ ਨੇ ਦੱਸਿਆ ਕਿ ਜਦੋਂ ਇਹ ਦੋਵੇਂ ਐਕਟਿਵਾ ’ਤੇ ਆਪਣੇ ਕਿਸੇ ਗਾਹਕ ਨੂੰ ਸਮੈਕ ਦੀ ਸਪਲਾਈ ਕਰਨ ਜਾ ਰਹੇ ਸਨ, ਤਾਂ ਪੁਲੀਸ ਟੀਮ ਨੇ ਇਨ੍ਹਾਂ ਦੇ ਕਬਜ਼ੇ ਵਿਚੋਂ 101 ਗਰਾਮ ਸਮੈਕ ਬਰਾਮਦ ਕੀਤੀ। ਪੁਲੀਸ ਮੁਤਾਬਿਕ ਮੁਢਲੀ ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਹੈ ਕਿ ਇਹ ਦੋਵੇਂ ਕਾਫ਼ੀ ਸਮੇਂ ਤੋ ਸਮੈਕ ਵੇਚਦੇ ਆ ਰਹੇ ਸਨ। ਮੁਲਜ਼ਮ ਵਰਿੰਦਰ ਸਿੰਘ ਦੇ ਖਿਲਾਫ ਨਸ਼ਾ ਤਸਕਰੀ ਦੇ ਪਹਿਲਾਂ ਦੋ ਕੇਸ ਦਰਜ ਹਨ।
ਇਸੇ ਦੌਰਾਨ ਪਟਿਆਲਾ ਪੁਲੀਸ ਨੇ ਇੱੱਕ ਅਫਰੀਕਨ ਮਹਿਲਾ ਤੋਂ 50 ਗਰਾਮ ਹੈਰੋਇਨ ਬਰਾਮਦ ਕੀਤੀ ਹੈ। ਵੱਖਰੇ ਮਾਮਲੇ ’ਚ ਦੋ ਕੁਇੰਟਲ ਭੁੱੱਕੀ, ਪਾਈਆ ਅਫੀਮ, ਨਸ਼ੀਲੀ ਦਵਾਈ ਦੀਆਂ 19 ਸ਼ੀਸ਼ੀਆਂ ਅਤੇ ਇਕ ਮਹਿਲਾ ਕੋਲ਼ੋਂ 150 ਲਿਟਰ ਲਾਹਣ ਬਰਾਮਦ ਕੀਤਾ ਗਿਆ ਹੈ।
ਜੇਲ੍ਹ ਵਿਚ ਫਿਰ ਫੋਨ ਸੁੱਟੇ
ਕੇਂਦਰੀ ਜੇਲ੍ਹ ਪਟਿਆਲਾ ਵਿਚੋਂ ਜਿਥੇ ਇੱਕ ਦਿਨ ਪਹਿਲਾਂ ਹੀ ਬਾਹਰੋਂ ਸੁੱਟੇ ਦੋ ਮਬਾਈਲ ਫੋਨ, ਘਰ ਦੀ ਸ਼ਰਾਬ ਦੀਆਂ ਦੋ ਬੋਤਲਾਂ, ਪੰਜਾਹ ਤੋਂ ਵੱਧ ਜਰਦੇ ਦੀਆਂ ਪੁੜੀਆਂ ਅਤੇ ਹੋਰ ਤੰਬਾਕੂ ਬਰਾਮਦ ਕੀਤਾ ਗਿਆ ਸੀ, ਉਥੇ ਹੀ ਅੱਜ ਫੇਰ ਜੇਲ੍ਹ ਦੇ ਬਾਹਰੋਂ ਕੰਧ ਰਾਹੀਂ ਅੰਦਰ ਸੁੱਟੇ ਪੈਕੇਟ ਮਿਲੇ। ਇਸ ਵਿਚ ਤਿੰਨ ਮੋਬਾਈਲ ਫੋਨ, ਤੰਬਾਕੂ ਦੀਆਂ 26 ਪੁੜੀਆਂ, ਬਰਾਮਦ ਹੋਈਆਂ ਬਰਾਮਦ ਹੋਈਆਂ। ਇਸ ਦੀ ਡੀਐਸਪੀ ਸਿਟੀ 2 ਮੋਹਿਤ ਅੱਗਰਵਾਲ ਨੇ ਪੁਸ਼ਟੀ ਕੀਤੀ ਹੈ। ਇਸ ਸਬੰਧੀ ਥਾਣਾ ਤ੍ਰਿਪੜੀ ਵਿਚ ਸਹਾਇਕ ਸੁਪਰਡੈਂਟ ਕਮਲਜੀਤ ਸਿੰਘ ਦੀ ਸ਼ਿਕਾਇਤ ’ਤੇ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।