ਖੇਤਰੀ ਪ੍ਰਤੀਨਿਧ
ਪਟਿਆਲਾ, 14 ਜੂਨ
ਇੱਥੇ ਇਕ ਵਿਅਕਤੀ ਨੇ ਆਪਣੀ ਪਤਨੀ ਨੂੰ ਭਾਖੜਾ ’ਚ ਧੱਕਾ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ। ਸਥਾਨਕ ਵਿਰਕ ਕਲੋਨੀ ਦੇ ਰਹਿਣ ਵਾਲ਼ੇ ਸੰਜੂ ਨਾਮ ਦੇ ਮੁਲਜ਼ਮ ਨੂੰ ਅੱਜ ਪੁਲੀਸ ਨੇ ਗ੍ਰਿਫਤਾਰ ਕਰ ਲਿਆ ਹੈ।
ਜਾਣਕਾਰੀ ਅਨੁਸਾਰ ਸੰਜੂ ਸੈਰ ਕਰਨ ਦੇ ਬਹਾਨੇ ਆਪਣੀ ਪਤਨੀ ਰੰਜਨਾ ਨੂੰ ਇੱਥੇ ਪਟਿਆਲਾ ਸ਼ਹਿਰ ਦੇ ਨਜ਼ਦੀਕ ਹੀ ਸਥਿਤ ਨਹਿਰ ’ਤੇ ਲੈ ਗਿਆ। ਇਸ ਦੌਰਾਨ ਹੀ ਉਸ ਨੇ ਉਸ ਨੂੰ ਭਾਖੜਾ ’ਚ ਧੱਕਾ ਦੇ ਦਿੱਤਾ। ਉਹ ਪਾਣੀ ਦੇ ਤੇਜ਼ ਵਹਾਅ ’ਚ ਵਹਿ ਗਈ ਅਤੇ ਮੌਤ ਹੋ ਗਈ।
ਦੋਵਾਂ ਦਾ ਦੋ ਸਾਲ ਪਹਿਲਾਂ ਹੀ ਪ੍ਰੇਮ ਵਿਆਹ ਹੋਇਆ ਸੀ। ਕੁਝ ਦਿਨ ਪਹਿਲਾਂ ਹੀ ਉਹ ਦੋਵੇਂ ਜੀਅ ਹਰਿਦੁਆਰ ਜਾ ਕੇ ਆਏ ਸਨ। ਉਥੋਂ ਵਾਪਸ ਆਉਣ ਮਗਰੋਂ ਸੰਜੂ ਨੇ ਪਤਨੀ ਨੂੰ ਆਖਿਆ ਕਿ ਉਹ ਹਰਿਦੁਆਰ ’ਚ ਉਸ ਨੂੰ ਮੌਤ ਦੇ ਘਾਟ ਉਤਾਰਨਾ ਚਾਹੁੰਦਾ ਸੀ ਪਰ ਉੱਥੇ ਮੌਕਾ ਨਹੀਂ ਮਿਲਿਆ। ਬਾਅਦ ’ਚ ਉਹ ਆਖਣ ਲੱਗਾ ਕਿ ਉਹ ਤਾਂ ਮਜ਼ਾਕ ਕਰ ਰਿਹਾ ਹੈ ਪਰ ਇਹ ਸਾਰੀ ਗੱਲ ਰੰਜਨਾ ਨੇ ਆਪਣੀ ਮਾਂ ਨੂੰ ਦੱਸ ਦਿੱਤੀ। ਇਸੇ ਦੌਰਾਨ ਜਦੋਂ ਰੰਜਨਾ ਭੇਤਭਰੀ ਹਾਲਤ ’ਚ ਲਾਪਤਾ ਹੋ ਗਈ ਤਾਂ ਉਸ ਦੀ ਮਾਂ ਨੇ ਪੁਲੀਸ ਕੋਲ਼ ਦਰਜ ਕਰਵਾਈ ਸ਼ਿਕਾਇਤ ’ਚ ਆਪਣੇ ਜਵਾਈ ’ਤੇ ਹੀ ਆਪਣੀ ਧੀ ਦੀ ਹੱਤਿਆ ਕਰਨ ਦਾ ਸ਼ੱਕ ਜ਼ਾਹਰ ਕੀਤਾ। ਪੁਲੀਸ ਨੇ ਗੋਤਾਖੋਰਾਂ ਰਾਹੀਂ ਰੰਜਨਾ ਦੀ ਭਾਖੜਾ ’ਚ ਤਲਾਸ਼ ਸੁਰੂ ਕਰਵਾਈ ਜਿਸ ਦੌਰਾਨ ਗੋਤਾਖੋਰ ਟੀਮ ਦੇ ਆਗੂ ਆਸ਼ੂਮਲਿਕ ਤੇ ਸਾਥੀਆਂ ਨੇ ਰੰਜਨਾ ਦੀ ਲਾਸ਼ ਭਾਖੜਾ ਵਿਚੋਂ ਬਰਾਮਦ ਕਰ ਲਈ। ਇਸ ਮਗਰੋਂ ਅੱਜ ਪੁਲੀਸ ਨੇ ਸੰਜੂ ਦੇ ਖਿਲਾਫ਼ ਕਤਲ ਦੀ ਧਾਰਾ 302 ਦੇ ਤਹਿਤ ਕੇਸ ਦਰਜ ਕਰ ਕੇ ਉਸ ਨੂੰ ਅੱਜ ਗ੍ਰਿਫ਼ਤਾਰ ਵੀ ਕਰ ਲਿਆ ਹੈ। ਇਸ ਦੀ ਪੁਸ਼ਟੀ ਡੀਐੱਸਪੀ ਕ੍ਰਿਸ਼ਨ ਕੁਮਾਰ ਪੈਂਥੇ ਨੇ ਕੀਤੀ ਹੈ।