ਪੱਤਰ ਪ੍ਰੇਰਕ
ਦੇਵੀਗੜ੍ਹ, 25 ਮਈ
ਕਾਰ ਅਤੇ ਪਰਾਲੀ ਵਾਲੀ ਟਰਾਲੀ ਵਿਚਕਾਰ ਹਾਦਸਾ ਹੋਣ ਕਾਰਨ ਕਾਰ ਵਿੱਚ ਸਵਾਰ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਅਤੇ ਇੱਕ ਔਰਤ ਦੇ ਜ਼ਖਮੀ ਹੋ ਗਈ। ਥਾਣਾ ਜੁਲਕਾਂ ਦੀ ਪੁਲੀਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਇੱਕ ਟੈਂਪਰੇਰੀ ਨੰਬਰ ਦੀ ਕਾਰ ਦੇਵੀਗੜ੍ਹ ਵੱਲੋਂ ਪਟਿਆਲਾ ਨੂੰ ਜਾ ਰਹੀ ਸੀ ਕਿ ਸੰਗਮ ਮੈਰੇਜ ਪੈਲੇਸ ਨੇੜੇ ਸਾਹਮਣੇ ਤੋਂ ਪਰਾਲੀ ਦੀ ਭਰੀ ਟਰੈਕਟਰ ਟਰਾਲੀ ਆ ਰਹੀ ਸੀ। ਕਾਰ ਟਰੈਕਟਰ ਕੋਲੋਂ ਤਾਂ ਲੰਘ ਗਈ ਪਰ ਟਰਾਲੀ ਵਿੱਚ ਜਾ ਵੱਜੀ, ਜਿਸ ਕਾਰਨ ਕਾਰ ਨੂੰ ਚਲਾ ਰਹੇ ਜਸਪਾਲ ਸਿੰਘ (59) ਪੁੱਤਰ ਇੰਦਰ ਰਾਜ ਵਾਸੀ ਘੁੰਮਣ ਨਗਰ ਪਟਿਆਲਾ ਅਤੇ ਉਸ ਦੀ ਪਤਨੀ ਵੀਨਾ ਕੌਰ ਜ਼ਖ਼ਮੀ ਹੋ ਗਏ। ਜਸਪਾਲ ਦੀ ਹਸਪਤਾਲ ਲਿਜਾਂਦੇ ਸਮੇਂ ਰਾਹ ਵਿੱਚ ਮੌਤ ਹੋ ਗਈ। ਇਸ ਸਬੰਧੀ ਥਾਣਾ ਜੁਲਕਾਂ ਦੀ ਪੁਲੀਸ ਨੇ ਟਰੈਕਟਰ ਟਰਾਲੀ ਦੇ ਅਣਪਛਾਤੇ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰਕੇ ਟਰਾਲੀ ਕਬਜ਼ੇ ਵਿੱਚ ਲੈ ਲਈ ਹੈ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਸੜਕ ਹਾਦਸੇ ’ਚ ਇੱਕ ਹਲਾਕ
ਲਹਿਰਾਗਾਗਾ (ਪੱਤਰ ਪ੍ਰੇਰਕ): ਪਿੰਡ ਹਰਿਆਊ ਦੇ ਵਸਨੀਕ ਮੇਜਰ ਸਿੰਘ ਪੁੱਤਰ ਛੱਜੂ ਸਿੰਘ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਪੁਲੀਸ ਨੂੰ ਤਰਸੇਮ ਸਿੰਘ ਉਰਫ਼ ਸੋਮਾ ਪੁੱਤਰ ਅਜੈਬ ਸਿੰਘ ਵਾਸੀ ਹਰਿਆਊ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਹ ਆਪਣੇ ਦੋਸਤ ਮੇਜਰ ਸਿੰਘ ਅਤੇ ਉਸ ਦੀ ਘਰਵਾਲੀ ਮਨਜੀਤ ਕੌਰ ਤੇ ਪੁੱਤਰ ਗੁਰਮਨ ਸਿੰਘ ਨਾਲ ਮੋਟਰਸਾਈਕਲ ’ਤੇ ਦਵਾਈ ਲੈ ਕੇ ਆ ਰਹੇ ਸੀ ਤਾਂ ਸਿਵਲ ਹਸਪਤਾਲ ਕੋਲ ਇੱਕ ਮੋਟਰਸਾਈਕਲ ਦੀ ਫੇਟ ਕਾਰਨ ਮੇਜਰ ਸਿੰਘ ਜ਼ਖ਼ਮੀ ਹੋ ਗਿਆ। ਸਿਵਲ ਹਸਪਤਾਲ ਦੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ। ਪੁਲੀਸ ਨੇ ਤਰਸੇਮ ਸਿੰਘ ਦੇ ਬਿਆਨ ’ਤੇ ਮੁਲਜ਼ਮ ਲੱਖੀ ਪੁੱਤਰ ਗੁੱਜਰ ਵਾਸੀ ਟਿੱਬੀ ਰਵੀਦਾਪੁਰਾ ਸੁਨਾਮ ਖ਼ਿਲਾਫ਼ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।