* ਸਿੱਧੂ ਨੇ ਅਮਿਤ ਸ਼ਾਹ ਵੱਲੋਂ ਰਾਜ ਸਭਾ ਦੀ ਸੀਟ ਦੇਣ ਲਈ ਜ਼ੋਰ ਪਾਉਣ ਦਾ ਕੀਤਾ ਦਾਅਵਾ
ਗੁਰਨਾਮ ਿਸੰਘ ਅਕੀਦਾ
ਪਟਿਆਲਾ, 6 ਫਰਵਰੀ
ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਨਵਜੋਤ ਸਿੱਧੂ ਨੇ ਕਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਨਾਲ ਮੇਰੀ ਕੋਈ ਲੜਾਈ ਨਹੀਂ ਹੈ ਪਰ ਜਿਹੜੇ ਕਾਂਗਰਸੀ ਆਗੂ ਮੇਰੇ ਦੁਸ਼ਮਣ ਬਣ ਕੇ ਬਿਨਾਂ ਕਾਰਨ ਮੇਰਾ ਵਿਰੋਧ ਕਰ ਰਹੇ ਹਨ ਉਨ੍ਹਾਂ ਦੇ ਪੱਲੇ ਕੁਝ ਵੀ ਨਹੀਂ ਹੈ। ਉਨ੍ਹਾਂ ਪੰਜਾਬ ਦੇ ਕਈ ਆਗੂਆਂ ’ਤੇ ਵੱਡੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਰੇਤ ਮਾਫ਼ੀਆ ਤੇ ਨਸ਼ਿਆਂ ਦੀ ਕਮਾਈ ਨਾਲ ਵਿਦੇਸ਼ਾਂ ਵਿਚ ਜਾਇਦਾਦਾਂ ਬਣਾਉਣ ਵਾਲੇ ਕਿਸੇ ਦਾ ਭਲਾ ਨਹੀਂ ਕਰ ਸਕਦੇ। ਨਵਜੋਤ ਸਿੱਧੂ ਨੇ ਕਿਹਾ ਕਿ ਉਨ੍ਹਾਂ ਕਦੇ ਵੀ ਭਾਜਪਾ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਪਰ ਪਿਛਲੇ ਸਮੇਂ ਦੌਰਾਨ ਭਾਜਪਾ ਹਾਈਕਮਾਂਡ ਵੱਲੋਂ ਬਾਦਲਾਂ ਨਾਲ ਕੀਤੇ ਸਮਝੌਤੇ ਕਾਰਨ ਉਨ੍ਹਾਂ ਦੇ ਮਨ ਨੂੰ ਠੇਸ ਪੁੱਜੀ ਸੀ। ਭਾਜਪਾ ਨੇ ਬਾਦਲਾਂ ਨੂੰ ਚੁਣਿਆ ਤੇ ਉਹ ਕਾਂਗਰਸ ਵਿਚ ਸਰਗਰਮ ਸਨ। ਉਨ੍ਹਾਂ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਭਾਜਪਾ ਲੋਕ ਸਭਾ ਚੋਣਾਂ ਵਿੱਚ 400 ਸੀਟਾਂ ਜਿੱਤਣ ਦਾ ਦਾਅਵਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਹੁਣ ਬਿਹਾਰ ਤੋਂ ਬਾਅਦ ਪੰਜਾਬ ਵਿਚ ਅਜਿਹੇ ਆਗੂ ਦੀ ਭਾਲ ਵਿਚ ਹੈ ਜੋ ਚੱਲਿਆ ਹੋਇਆ ਕਾਰਤੂਸ ਨਾ ਹੋਵੇ ਤੇ ਸਿੱਖ ਚਿਹਰਾ ਹੋਵੇ।
ਉਨ੍ਹਾਂ ਕਿਹਾ, ‘‘ਅਮਿਤ ਸ਼ਾਹ ਨੇ ਮੈਨੂੰ ਪੁੱਛਿਆ ਸੀ ਕਿ ਜੇਕਰ ਭਾਜਪਾ ਤੇ ਅਕਾਲੀ ਦਲ ਇਕੱਠਿਆਂ ਚੋਣ ਲੜਦੇ ਹਨ ਤਾਂ ਕਿੰਨੀਆਂ ਸੀਟਾਂ ਆਉਣਗੀਆਂ ਤਾਂ ਮੈਂ ਕਿਹਾ ਸੀ ‘ਜ਼ੀਰੋ’। ਮੈਂ ਅਮਿਤ ਸ਼ਾਹ ਨੂੰ ਸਪੱਸ਼ਟ ਕੀਤਾ ਸੀ ਕਿ ਜੇਕਰ ਭਾਜਪਾ ਇਕੱਲਿਆਂ ਚੋਣ ਲੜਦੀ ਹੈ ਤਾਂ ਘੱਟੋ-ਘੱਟ 70 ਸੀਟਾਂ ਆਉਣਗੀਆਂ।’’ ਨਵਜੋਤ ਸਿੱਧੂ ਨੇ ਕਿਹਾ ਕਿ ਅਮਿਤ ਸ਼ਾਹ ਨੇ ਮੈਨੂੰ ਰਾਜ ਸਭਾ ਦੀ ਸੀਟ ਦੇਣ ਲਈ ਬੜਾ ਦਬਾਅ ਪਾਇਆ ਸੀ ਪਰ ਮੈਂ ਦੱਸਿਆ ਸੀ ਕਿ ਉਹ ਪੰਜਾਬ ਲਈ ਹਨ ਤੇ ਪੰਜਾਬ ਲਈ ਜਿੱਤ ਹਾਸਲ ਕਰ ਕੇ ਉਹ ਪੰਜਾਬ ਦੇ ਭਲੇ ਲਈ ਹੀ ਕੰਮ ਕਰਨ ਦੇ ਇੱਛੁਕ ਹਨ। ਨਵਜੋਤ ਸਿੱਧੂ ਨੇ ਬੇਸ਼ੱਕ ਕਿਹਾ ਕਿ ਉਹ ਭਾਜਪਾ ਵਿਚ ਸ਼ਾਮਲ ਹੋਣ ਲਈ ਤਿਆਰ ਨਹੀਂ ਹਨ ਪਰ ਉਨ੍ਹਾਂ ਦੇ ਹਾਵ-ਭਾਵ ਸਪੱਸ਼ਟ ਕਰ ਰਹੇ ਹਨ ਕਿ ਉਹ ਵੱਡਾ ਫ਼ੈਸਲਾ ਲੈਣ ਲਈ ਤਿਆਰ ਹਨ। ਜ਼ਿਕਰਯੋਗ ਹੈ ਕਿ ਨਵਜੋਤ ਿਸੱਧੂ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਕਾਂਗਰਸ ਦੇ ਆਗੂਆਂ ਨੂੰ ਅਸਿੱਧੇ ਢੰਗ ਨਾਲ ਿਨਸ਼ਾਨੇ ’ਤੇ ਲੈ ਰਹੇ ਹਨ।