ਪਟਿਆਲਾ (ਖੇਤਰੀ ਪ੍ਰਤੀਨਿਧ): ਪਟਿਆਲਾ ਦੇ ਕਾਂਗਰਸੀ ਮੇਅਰ ਸੰਜੀਵ ਬਿੱਟੂ ’ਤੇ ਸ਼ਹਿਰ ’ਚ ਕਈ ਥਾਈਂ ਕਥਿਤ ਰੂਪ ਵਿਚ ਨਾਜਾਇਜ਼ ਉਸਾਰੀਆਂ ਕਰਵਾਉਣ ਸਮੇਤ ਹੋਰ ਦੋਸ਼ ਲਾਉਣ ਵਾਲ਼ੇ ਕੌਂਸਲਰ ਕ੍ਰਿਸ਼ਨ ਚੰਦ ਬੁੱਧੂ ਨੇ ਆਪਣੇ ਇਹ ਦੋਸ਼ ਅੱਜ ਦੁਹਰਾਏ। ਨਾਜਾਇਜ਼ ਉਸਾਰੀਆਂ ਸਬੰਧੀ ਸਰਕਾਰ ਵੱਲੋਂ ਲਿਆਂਦੀ ਗਈ ਨੀਤੀ ਦਾ ਸਵਾਗਤ ਕਰਦਿਆਂ, ਬੁੱਧੂ ਦਾ ਕਹਿਣਾ ਸੀ ਕਿ ਅਜਿਹੀ ਸੂਰਤ ’ਚ ਮੇਅਰ ਬਚ ਨਹੀਂ ਸਕੇਗਾ। ਅੱਜ ਜਾਰੀ ਪ੍ਰੈਸ ਬਿਆਨ ਰਾਹੀਂ ਬੁੱਧੂ ਨੇ ਕਥਿਤ ਨਾਜਾਇਜ਼ ਉਸਾਰੀਆਂ ਦੇ ਮਾਮਲੇ ’ਚ ਮੇਅਰ ਨੂੰ ਸੀਬੀਆਈ, ਈਡੀ ਅਤੇ ਵਿਜੀਲੈਂਸ ਤੱਕ ਵੀ ਖਿੱਚਣ ਦਾ ਐਲਾਨ ਕੀਤਾ। ਵਿਅੰਗ ਕੱਸਦਿਆਂ ਬੁੱਧੂ ਨੇ ਕਿਹਾ ਕਿ ਉਹ ਮੇਅਰ ਨੂੰ ਇਨ੍ਹਾਂ ਏਜੰਸੀਆਂ ਦੇ ਦਫਤਰਾਂ ਦੀ ਸੈਰ ਕਰਵਾ ਕੇ ਰਹਿਣਗੇ। ਜ਼ਿਕਰਯੋਗ ਹੈ ਕਿ ਨਵਜੋਤ ਸਿੱਧੂ ਦੇ ਪੰਜਾਬ ਕਾਂਗਰਸ ਦੇ ਪ੍ਰਧਾਨ ਬਣਨ ਮਗਰੋਂ ਕੇਸੀ ਬੁੱਧੂ ਨੇ ਚੰਡੀਗੜ੍ਹ ਜਾ ਕੇ ਉਨ੍ਹਾਂ ਨੂੰ ਪੱਤਰ ਸੌਂਪਦਿਆਂ, ਮੇਅਰ ’ਤੇ ਵੱਖ ਵੱਖ ਤਰ੍ਹਾਂ ਦੇ ਦੋਸ਼ ਲਾਏ ਸਨ। ਹੁਣ ਸਰਕਾਰ ਵੱਲੋਂ ਨਾਜਾਇਜ਼ ਉਸਾਰੀਆਂ ਨੂੰ ਵਿਸ਼ੇਸ਼ ਢੰਗ ਤਹਿਤ ਮਾਨਤਾ ਦੇਣ ਸਬੰਧੀ ਨੀਤੀ ਲਿਆਉਣ ਮਗਰੋਂ ਸ੍ਰੀ ਬੁੱਧੂ ਨੇ ਆਪਣੇ ਇਹੀ ਦੋਸ਼ ਅੱਜ ਮੁੜ ਦੁਹਰਾਏ ਹਨ। ਉਂਜ ਸਰਕਾਰ ਦੇ ਇਸ ਫੈਸਲੇ ਦੀ ਸ਼ਲਾਘਾ ਕੀਤੀ ਹੈ। ਉਧਰ ਬੁੱਧੂ ਵੱਲੋਂ ਲਾਏ ਗਏ ਦੋਸ਼ਾਂ ਦਾ ਪਹਿਲਾਂ ਹੀ ਖੰਡਨ ਕਰ ਚੁੱਕੇ ਮੇਅਰ ਦਾ ਕਹਿਣਾ ਹੈ ਕਿ ਉਹ ਇਸ ਸਬੰਧੀ ਹਰੇਕ ਏਜੰਸੀ ਦਾ ਸਾਹਮਣਾ ਕਰਨ ਲਈ ਤਿਆਰ ਹਨ। ਮੇਅਰ ਦਾ ਤਰਕ ਸੀ ਕਿ ਉਹ ਮੇਅਰ ਵਜੋਂ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ਼ ਨਿਭਾਅ ਰਹੇ ਹਨ ਜਿਸ ਕਰਕੇ ਅਜਿਹੇ ਬੇਬੁਨਿਆਦ ਦੋਸ਼ ਉਸ ਦੇ ਕੰਮ ’ਚ ਰੁਕਾਵਟ ਨਹੀਂ ਪਾ ਸਕਦੇ।