ਖੇਤਰੀ ਪ੍ਰਤੀਨਿਧ
ਪਟਿਆਲਾ, 20 ਦਸੰਬਰ
ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਅਤੇ ਹੋਰ ਥਾਂਈਂ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਡੀਜੀਪੀ ਵੱਲੋਂ ਪੰਜਾਬ ਪੁਲੀਸ ਨੂੰ ਹੋਰ ਵਧੇਰੇ ਚੌਕਸੀ ਵਰਤਣ ਸਮੇਤ ਗੁਰਦੁਆਰਾ ਪ੍ਰਬੰਧਕਾਂ ਨਾਲ ਤਾਲਮੇਲ ਰੱਖਣ ਦੇ ਜਾਰੀ ਕੀਤੇ ਗਏ ਆਦੇਸ਼ਾਂ ਅਨੁਸਾਰ ਪਟਿਆਲਾ ਦੇ ਆਈ.ਜੀ ਮੁਖਵਿੰਦਰ ਸਿੰਘ ਛੀਨਾ ਨੇ ਅੱਜ ਇਥੋਂ ਦੇ ਇੲਤਿਹਾਸਕ ਗੁਰਦੁਆਰਾ ਦੂਖਨਿਵਾਰਨ ਸਾਹਿਬ ਕੰਪਲੈਕਸ ਦਾ ਦੌਰਾ ਕਰ ਕੇ ਸੁਰੱਖਿਆ ਅਤੇ ਚੌਕਸੀ ਸਬੰਧੀ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਥੇ ਹੀ ਉਨ੍ਹਾਂ ਨੇ ਗੁਰਦੁਆਰਾ ਪ੍ਰਬੰਧਕਾਂ, ਸ਼੍ਰੋਮਣੀ ਕਮੇਟੀ ਮੈਂਬਰਾਂ ਸਮੇਤ ਪੁਲੀਸ ਅਤੇ ਸਿਵਲ ਦੇ ਉੱਚ ਅਧਿਕਾਰੀਆਂ ਨਾਲ਼ ਵਿਸ਼ੇਸ਼ ਮੀਟਿੰਗ ਵੀ ਕੀਤੀ। ਇਸ ਮੀਟਿੰਗ ’ਚ ਸ਼੍ਰੋਮਣੀ ਕਮੇਟੀ ਮੈਂਬਰਾਨ ਸਤਵਿੰਦਰ ਟੌਹੜਾ ਤੇ ਜਰਨੈਲ ਸਿੰਘ, ਗੁਰਦਵਾਰਾ ਮੈਨੇਜਰ ਕਰਨੈਲ ਨਾਭਾ ਤੇ ਮੀਤ ਮੈਨੇਜਰ ਕਰਨੈਲ ਵਿਰਕ, ਏੇਡੀਸੀ ਗੁਰਪ੍ਰੀਤ ਥਿੰਦ, ਐਸਪੀ (ਸਿਟੀ) ਹਰਪਾਲ ਸਿੰਘ, ਇੰਟੈਲੀਜੈਂਸੀ ਦੇ ਆਈਜੀ. ਦਲਜੀਤ ਰਾਣਾ,ਡੀਐਸਪੀ ਸਿਟੀ 2 ਮੋਹਿਤ ਅਗਰਵਾਲ਼ ਆਦਿ ਵੀ ਮੌਜੂਦ ਸਨ। ਆਈ.ਜੀ ਨੇ ਸ਼ੱਕੀ ਵਿਅਕਤੀ ਅਤੇ ਵਾਹਨ ਜਾਂ ਕਿਸੇ ਮੰਦਭਾਗੀ ਘਟਨਾਵਾਂ ਬਾਰੇ ਤੁਰੰਤ ਪੁਲੀਸ ਨੂੰ ਸੂਚਿਤ ਕਰਨ ਲਈ ਆਖਿਆ ਗਿਆ। ਗੁਰਦਵਾਰਾ ਪ੍ਰਬੰਧਕਾਂ ਨੇ ਵਧਾਈ ਗਈ ਚੌਕਸੀ ਸਬੰਧੀ ਜਾਣਕਾਰੀ ਵੀ ਸਾਂਝੀ ਕੀਤੀ।