ਗੁਰਨਾਮ ਸਿੰਘ ਚੌਹਾਨ
ਪਾਤੜਾਂ, 1 ਦਸੰਬਰ
ਸ਼ਹਿਰ ਦੇ ਜਾਖਲ ਰੋਡ ਬਾਈਪਾਸ ’ਤੇ ਨਵੀਂ ਕੱਟੀ ਜਾ ਰਹੀ ਕਲੋਨੀ ਦੇ ਮਾਮਲੇ ’ਚ ਨਗਰ ਕੌਂਸਲ ਪਾਤੜਾਂ ਦੇ ਪ੍ਰਧਾਨ ਅਤੇ ਕਾਰਜਸਾਧਕ ਅਫ਼ਸਰ ਵਿਚਾਲੇ ਖੜਕ ਗਈ ਹੈ। ਕੌਂਸਲ ਪ੍ਰਧਾਨ ਦਾ ਦੋਸ਼ ਹੈ ਕਿ ਕਾਰਜਸਾਧਕ ਅਫ਼ਸਰ ਸ਼ਹਿਰ ਵਿੱਚ ਕੱਟੀਆਂ ਜਾ ਰਹੀਆਂ ਨਾਜਾਇਜ਼ ਕਲੋਨੀਆਂ ਦੇ ਮਾਮਲੇ ਵਿੱਚ ਨਿਯਮਾਂ ਮੁਤਾਬਕ ਕਾਰਵਾਈ ਕਰਨ ਦੀ ਬਜਾਇ ਸਬੰਧਤ ਕਲੋਨਾਈਜ਼ਰਾਂ ਦਾ ਪੱਖ ਪੂਰ ਰਹੇ ਹਨ ਤੇ ਇਸ ਕਾਰਨ ਨਗਰ ਕੌਂਸਲ ਅਤੇ ਪੰਜਾਬ ਸਰਕਾਰ ਨੂੰ ਭਾਰੀ ਵਿੱਤੀ ਨੁਕਸਾਨ ਹੋ ਰਿਹਾ ਹੈ। ਨਗਰ ਕੌਂਸਲ ਪਾਤੜਾਂ ਦੇ ਪ੍ਰਧਾਨ ਰਣਵੀਰ ਸਿੰਘ ਅਤੇ ਸੀਨੀਅਰ ਮੀਤ ਪ੍ਰਧਾਨ ਪ੍ਰੇਮ ਚੰਦ ਗੁਪਤਾ ਨੇ ਦੱਸਿਆ ਕਿ ਸ਼ਹਿਰ ਦੇ ਜਾਖਲ ਰੋਡ ਬਾਈਪਾਸ ਉੱਤੇ 29 ਏਕੜ ਜ਼ਮੀਨ ਵਿੱਚ ਰਿਹਾਇਸ਼ੀ ਕਲੋਨੀ ਕੱਟਣ ਲਈ ਮਿੱਟੀ ਪਾਈ ਜਾ ਰਹੀ ਹੈ। ਇਸ ਦੀ ਜਾਣਕਾਰੀ ਮਿਲਦਿਆਂ ਹੀ ਉਨ੍ਹਾਂ ਈਓ ਨੂੰ ਮਾਮਲੇ ਦੀ ਪੜਤਾਲ ਕਰ ਕੇ ਤੁਰੰਤ ਐਕਸ਼ਨ ਲੈਣ ਲਈ ਕਿਹਾ ਸੀ, ਪਰ ਕਈ ਦਿਨ ਬੀਤਣ ਦੇ ਬਾਵਜੂਦ ਕਾਰਜਸਾਧਕ ਅਫ਼ਸਰ ਨੇ ਕੋਈ ਕਾਰਵਾਈ ਨਹੀਂ ਕੀਤੀ ਅਤੇ ਗੇੜਾ ਮਾਰ ਕੇ ਮਹਿਜ਼ ਖਾਨਾਪੂਰਤੀ ਕਰਦਿਆਂ ਵਾਪਸ ਆ ਗਏ। ਉਨ੍ਹਾਂ ਦੀ ਟੀਮ ਵੱਲੋਂ ਸਖ਼ਤ ਐਕਸ਼ਨ ਲੈਣ ’ਤੇ ਹੀ ਕਾਰਜਸਾਧਕ ਅਫ਼ਸਰ ਵੱਲੋਂ ਸਬੰਧਤ ਕਲੋਨੀ ਕੱਟਣ ਵਾਲਿਆਂ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕਲੋਨਾਈਜ਼ਰਾਂ ਵੱਲੋਂ ਕੱਟੀ ਜਾ ਰਹੀ ਉਕਤ ਕਲੋਨੀ ਦੀ ਹਾਲੇ ਤੱਕ ਕਿਸੇ ਵੀ ਤਰ੍ਹਾਂ ਦੀ ਮਨਜ਼ੂਰੀ ਲੈਣ ਲਈ ਫਾਈਲ ਕੌਂਸਲ ਦਫ਼ਤਰ ਨਹੀਂ ਪਹੁੰਚੀ ਜਦਕਿ ਕੱਟੀ ਜਾ ਰਹੀ ਕਲੋਨੀ ਦਾ ਨਕਸ਼ਾ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਚੁੱਕਾ ਹੈ ਜੋ ਕੌਂਸਲ ਪਾਸ ਮੌਜੂਦ ਹੈ।
ਇਸ ਦੌਰਾਨ ਉਨ੍ਹਾਂ ਦੋਸ਼ ਲਾਇਆ ਕਿ ਇਸ ਜ਼ਮੀਨ ਵਿੱਚ ਪਾਈ ਜਾ ਰਹੀ ਮਿੱਟੀ ਵੀ ਨਾਜਾਇਜ਼ ਮਾਈਨਿੰਗ ਕਰ ਕੇ ਪੰਚਾਇਤੀ ਜ਼ਮੀਨ ਵਿੱਚੋਂ ਚੁੱਕਕੇ ਲਿਆਂਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਮਾਮਲੇ ਸਬੰਧੀ ਸਥਾਨਕ ਸਰਕਾਰਾਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਨੂੰ ਜਾਣੂ ਕਰਵਾਉਣਗੇ।
ਈਓ ਨੇ ਦੋਸ਼ ਨਕਾਰੇ
ਨਗਰ ਕੌਂਸਲ ਪਾਤੜਾਂ ਦੇ ਕਾਰਜਸਾਧਕ ਅਫ਼ਸਰ ਪਰਮਿੰਦਰ ਸਿੰਘ ਨੇ ਦੋਸ਼ਾਂ ਦਾ ਖੰਡਨ ਕਰਦਿਆਂ ਕਿਹਾ ਕਿ ਕੌਂਸਲ ਪ੍ਰਧਾਨ ਅਤੇ ਕੁਝ ਕੌਂਸਲਰਾਂ ਵੱਲੋਂ ਜਾਣਬੁੱਝ ਕੇ ਅਜਿਹਾ ਕੀਤਾ ਜਾ ਰਿਹਾ ਹੈ। ਉਨ੍ਹਾਂ ਵੱਲੋਂ ਮਾਮਲੇ ਸਬੰਧੀ ਕੋਈ ਵੀ ਅਣਗਹਿਲੀ ਨਹੀਂ ਵਰਤੀ ਗਈ। ਵਾਹੀਯੋਗ ਜ਼ਮੀਨ ਵਿੱਚ ਪਾਈ ਜਾਣ ਵਾਲੀ ਮਿੱਟੀ ਦਾ ਪਤਾ ਲੱਗਦਿਆਂ ਉਨ੍ਹਾਂ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲੈਣ ਮਗਰੋਂ ਬਿਲਡਰ ਨੂੰ ਨੋਟਿਸ ਜਾਰੀ ਕਰ ਦਿੱਤਾ ਸੀ।