ਪੱਤਰ ਪ੍ਰੇਰਕ
ਸਮਾਣਾ, 7 ਅਪਰੈਲ
ਪਿੰਡ ਧਨੇਠਾ ਨੇੜੇ ਕੀਤੀ ਜਾ ਰਹੀ ਡੂੰਘੇ ਖਣਨ ਦੇ ਮਾਮਲੇ ’ਚ ਮਵੀ ਪੁਲੀਸ ਨੇ ਇਕ ਜੇਸੀਬੀ ਅਤੇ ਇੱਕ ਟਰੈਕਟਰ- ਟਰਾਲੀ ਨੂੰ ਕਾਬੂ ਕਰਕੇ ਟਰੈਕਟਰ-ਟਰਾਲੀ ਚਾਲਕ ਨੂੰ ਹਿਰਾਸਤ ਵਿੱਚ ਲਿਆ ਹੈ ਜਿਸ ਦੀ ਪਛਾਣ ਸਾਹਿਲ ਪੁੱਤਰ ਰਾਕੇਸ਼ ਕੁਮਾਰ ਨਿਵਾਸੀ ਚੀਕਾ ਹਰਿਆਣਾ ਵਜੋਂ ਹੋਈ। ਜਦੋਂ ਕਿ ਜੇਸੀਬੀ ਚਾਲਕ ਫ਼ਰਾਰ ਹੋ ਗਿਆ। ਪੁਲੀਸ ਨੇ ਮੁਲਜ਼ਮਾਂ ਖਿਲਾਫ ਕੇਸ ਦਰਜ ਕਰਕੇ ਫਰਾਰ ਵਿਅਕਤੀ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।
ਮਵੀ ਕਲਾਂ ਪੁਲੀਸ ਮੁਖੀ ਸਬ ਇੰਸਪੈਕਟਰ ਸਾਹਿਬ ਸਿੰਘ ਸੰਧੂ ਨੇ ਦੱਸਿਆ ਕਿ ਹੈੱਡ ਕਾਂਸਟੇਬਲ ਰੂਪ ਸਿੰਘ ਪੁਲੀਸ ਪਾਰਟੀ ਸਣੇ ਗਸ਼ਤ ਦੌਰਾਨ ਪਿੰਡ ਧਨੇਠਾ ਨੇੜੇ ਮੌਜੂਦ ਸੀ ਕਿ ਧਨੇਠਾ-ਅਰਾਈਮਾਜਰਾ ਕੱਚੇ ਰਸਤੇ ‘ਤੇ ਜੇਸੀਬੀ ਅਤੇ ਟਰੈਕਟਰ-ਟਰਾਲੀਆਂ ਦੀ ਮਦਦ ਨਾਲ ਨਾਜਾਇਜ਼ ਮਾਈਨਿੰਗ ਹੋਣ ਬਾਰੇ ਮਿਲੀ ਸੂਚਨਾ ਦੇ ਆਧਾਰ ਤੇ ਪੁਲੀਸ ਪਾਰਟੀ ਨੇ ਛਾਪਾ ਮਾਰਿਆ ਅਤੇ ਉਥੇ ਹੁਕਮਾਂ ਦੇ ਵਿਰੁੱਧ ਕਾਫ਼ੀ ਡੂੰਘੀ ਖੁਦਾਈ ਕੀਤੀ ਪਾਈ ਗਈ। ਉਥੇ ਕੰਮ ਕਰਦੇ ਲੋਕ ਇਸ ਸਬੰਧੀ ਮਾਈਨਿੰਗ ਵਿਭਾਗ ਤੋਂ ਪ੍ਰਾਪਤ ਕੀਤੀ ਗਈ ਕੋਈ ਪਰਮਿਸ਼ਨ ਵੀ ਨਹੀਂ ਦਿਖਾ ਸਕੇ। ਪੁਲੀਸ ਨੇ ਇਕ ਜੇ ਸੀ ਬੀ ਮਸ਼ੀਨ ਅਤੇ ਟਰੈਕਟਰ -ਟਰਾਲੀ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਅਧਿਕਾਰੀ ਅਨੁਸਾਰ ਨਾਜਾਇਜ਼ ਮਾਈਨਿੰਗ ਸਬੰਧੀ ਜ਼ਿਲ੍ਹਾ ਮਾਈਨਿੰਗ ਵਿਭਾਗ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਹੈ।