ਮੁਖਤਿਆਰ ਸਿੰਘ ਨੌਗਾਵਾਂ
ਦੇਵੀਗੜ੍ਹ, 5 ਮਈ
ਸਰਕਾਰੀ ਜ਼ਮੀਨਾਂ ਤੋਂ ਕਬਜ਼ੇ ਛੁਡਵਾਉਣ ਦੀ ਆਰੰਭੀ ਮੁਹਿੰਮ ਤਹਿਤ ਅੱਜ ਬਲਾਕ ਸਨੌਰ ਦੇ ਪਿੰਡ ਚਰਾਸੋਂ ਦੀ ਪੰਚਾਇਤ ਨੇ 7.5 ਏਕੜ ਸ਼ਾਮਲਾਟ ਜ਼ਮੀਨ ਤੋਂ ਕਬਜ਼ਾ ਛੁਡਵਾਇਆ। ਸਮੁੱਚੀ ਕਾਰਵਾਈ ਦੀ ਅਗਵਾਈ ਡੀਡੀਪੀਓ ਸੁਖਚੈਨ ਸਿੰਘ ਪਾਪਰਾ ਨੇ ਕੀਤੀ। ਪਾਪਰਾ ਨੇ ਕਿਹਾ ਕਿ ਇਸ ਮੁਹਿੰਮ ਦੌਰਾਨ ਪਟਿਆਲਾ ਜ਼ਿਲ੍ਹੇ ਦੇ ਹਰੇਕ ਨਾਜਾਇਜ਼ ਕਾਬਜ਼ਕਾਰ ਕੋਲੋਂ ਸਰਕਾਰੀ ਜ਼ਮੀਨ ਦਾ ਕਬਜ਼ਾ ਛੁਡਵਾਇਆ ਜਾਵੇਗਾ।
ਉਨ੍ਹਾਂ ਅਜਿਹੇ ਕਾਬਜ਼ਕਾਰਾਂ ਨੂੰ ਅਪੀਲ ਕੀਤੀ ਕਿ ਆਪਣੇ ਆਪ ਹੀ ਸਰਕਾਰੀ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਖਾਲੀ ਕਰ ਦੇਣ ਤਾਂ ਜੋ ਕਾਰਵਾਈ ਦੀ ਲੋੜ ਹੀ ਨਾ ਪਵੇ ਤੇ ਸੁਖਾਵਾਂ ਮਾਹੌਲ ਬਣਿਆ ਰਹੇ। ਜ਼ਿਕਰਯੋਗ ਹੈ ਕਿ ਡੀ.ਡੀ.ਪੀ.ਓ.-ਕਮ-ਕੁਲੈਕਟਰ ਪਟਿਆਲਾ ਦੀ ਅਦਾਲਤ ਨੇ ਪੰਜਾਬ ਵਿਲੇਜ਼ ਕਾਮਨ ਲੈਂਡਜ਼ ਐਕਟ 1961 ਦੀ ਧਾਰਾ 7 ਤਹਿਤ 2008 ਦੌਰਾਨ ਇਸ ਜ਼ਮੀਨ ਨੂੰ ਛੁਡਵਾਉਣ ਦਾ ਫੈਸਲਾ ਸੁਣਾਇਆ ਸੀ। ਇਸ ਤਰ੍ਹਾਂ ਡੀਡੀਪੀਓ ਵੱਲੋਂ ਜਾਰੀ ਕਬਜ਼ਾ ਵਾਰੰਟਾਂ ਤਹਿਤ ਅੱਜ 7.5 ਏਕੜ ਸ਼ਾਮਲਾਟ ਜ਼ਮੀਨ ਤੋਂ ਕਬਜ਼ਾ ਛੁਡਵਾ ਕੇ ਇਹ ਜ਼ਮੀਨ ਚਰਾਸੋਂ ਦੀ ਪੰਚਾਇਤ ਦੇ ਹਵਾਲੇ ਕਰ ਦਿੱਤੀ ਗਈ ਹੈ। ਇਸ ਮੌਕੇ ਸਨੌਰ ਦੇ ਬੀ.ਡੀ.ਪੀ.ਓ. ਹਰਮਿੰਦਰ ਸਿੰਘ, ਤਹਿਸੀਲਦਾਰ ਰਾਮ ਕ੍ਰਿਸ਼ਨ ਸਮੇਤ ਸਰਪੰਚ ਸਮੇਤ ਪੁਲੀਸ ਅਧਿਕਾਰੀ ਤੇ ਕਰਮਚਾਰੀ ਵੀ ਮੌਜੂਦ ਸਨ।