ਖੇਤਰੀ ਪ੍ਰਤੀਨਿਧ
ਸਨੌਰ, 13 ਮਾਰਚ
ਸ਼ਰਾਰਤੀ ਅਨਸਰਾਂ ਖ਼ਿਲਾਫ਼ ਤਿੱਖੇ ਤੇਵਰ ਵਿਖਾਉਦਿਆਂ ਸਨੌਰ ਤੋਂ ‘ਆਪ’ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਆਖਿਆ ਕਿ ਉਹ ਆਪਣੇ ਹਲਕੇ ’ਚ ਨਾਜਾਇਜ਼ ਧੰਦਾ ਜਾਂ ਗੁੰਡਾ ਟੈਕਸ ਵਸੂਲਣ ਵਾਲਿਆਂ ਨੂੰ ਬਰਦਾਸ਼ਤ ਨਹੀਂ ਕਰਨਗੇ। ਇਸ ਕਰਕੇ ਅਜਿਹੀ ਵਿਚਾਰਧਾਰਾ ਵਾਲੇ ਅਨਸਰਾਂ ਨੂੰ ਕਿਨਾਰਾ ਕਰ ਜਾਣਾ ਚਾਹੀਦਾ ਹੈ, ਨਹੀਂ ਤਾਂ ਉਨ੍ਹਾਂ ਨੂੰ ਗੰਭੀਰ ਸਿੱਟੇ ਭੁਗਤਣ ਲਈ ਤਿਆਰ ਰਹਿਣਾ ਚਾਹੀਦਾ ਹੈ। ਅੱਜ ਇੱਥੇ ਸਨੌਰ ਖੇਤਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਠਾਣਮਾਜਰਾ ਨੇ ਕਿਹਾ ਕਿ ਕਿ ਇਹ ਅਸਲ ਮਾਅਨਿਆਂ ਵਿੱਚ ਲੋਕਾਂ ਦੀ ਸਰਕਾਰ ਹੈ ਜਿਸ ਕਰਕੇ ਲੋਕਾਂ ਦੀ ਲੁੱਟ ਕਦੇ ਨਹੀਂ ਹੋਣ ਦਿੱਤੀ ਜਾਵੇਗੀ। ਇਸ ਕਰਕੇ ਅਜਿਹੀ ਮਾਨਸਿਕਤਾ ਵਾਲ਼ਿਆਂ ਨੂੰ ਆਪਣੀ ਮਾਨਸਿਕਤਾ ਬਦਲ ਲੈਣੀ ਚਾਹੀਦੀ ਹੈ ਜਾਂ ਫੇਰ ਉਹ ਹਲਕਾ ਹੀ ਬਦਲ ਲੈਣ। ਪਠਾਣਮਾਜਰਾ ਦਾ ਕਹਿਣਾ ਹੈ ਕਿ ਲੋਕਾਂ ਨੇ ਜਿਨ੍ਹਾਂ ਆਸਾਂ ਅਤੇ ਉਮੀਦਾਂ ਨਾਲ ਉਸ ਨੂੰ ਪੰਜਾਹ ਹਜ਼ਾਰ ਦੀ ਰਿਕਾਰਡ ਲੀਡ ਨਾਲ਼ ਜਿਤਾਇਆ ਹੈ, ਉਹ ਹਮੇਸ਼ਾ ਹੀ ਲੋਕਾਂ ਦੀਆਂ ਆਸਾਂ ’ਤੇ ਖਰਾ ਉਤਰਨਗੇ। ਪਠਾਣਮਾਜਰਾ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਆਪਣੀਆਂ ਆਦਤਾਂ ਮੁਤਾਬਿਕ ਅਜੇ ਵੀ ਕੁਝ ਲੋਕ ਸਬਜੀ ਮੰਡੀ ਵਿਚ ਗੁੰਡਾ ਟੈਕਸ ਦੀ ਵਸੂਲੀ ਕਰ ਰਹੇ ਹਨ। ਪਰ ਜੇਕਰ ਅਜਿਹੇ ਅਨਸਰ ਅਜੇ ਵੀ ਬਾਜ਼ ਨਾ ਆਏ ਤਾਂ ਇਹ ਉਨ੍ਹਾਂ ਦੀ ਸਿਹਤ ਲਈ ਠੀਕ ਨਹੀਂ ਹੋਵੇਗਾ। ਇਸ ਮੌਕੇ ਮਨਿੰਦਰ ਸਿੰਘ ਫਰਾਂਸਵਾਲ਼ਾ, ਡਾ. ਗੁਰਮੀਤ ਬਿੱਟੂ, ਮਲਕੀਤ ਬਾਜਵਾ, ਯਾਦਵਿੰਦਰ ਸੰਧੂ, ਬਲਜਿੰਦਰ ਸੰਘੇੜਾ, ਕਾਲਾ ਰਾਠੌਰ, ਚਰਨਜੀਤ ਮਾਸ਼ਟਰ,ਰਮੇਸ਼ ਕੁਮਾਰ, ਮਲਕੀਤ ਅਹਿਰੂ, ਗਗਨ ਰਤਾਖੇੜਾ ਅਤੇ ਗੁਰਬਾਜ਼ ਸਿੰਘ ਸੰਧੂ ਵੀ ਮੌਜੂਦ ਸਨ।