ਖੇਤਰੀ ਪ੍ਰਤੀਨਿਧ
ਪਟਿਆਲਾ, 18 ਜੁਲਾਈ
ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਪ੍ਰੇਰਣਾ ਸਦਕਾ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਅੱਗੇ ਆਉਂਦਿਆਂ, ਦੋ ਲੱਖ ਰੁਪਏ ਮੁੱਲ ਦੀਆਂ ਦਵਾਈਆਂ ਅੱਜ ਸਿਵਲ ਸਰਜਨ ਡਾ. ਰਮਿੰਦਰ ਕੌਰ ਨੂੰ ਸੌਂਪੀਆਂ। ਆਈਐੱਮਏ ਦੇ ਪ੍ਰਧਾਨ ਡਾ. ਭਗਵੰਤ ਸਿੰਘ, ਡਾ. ਸੁਧੀਰ ਵਰਮਾ ਦਿਲ ਦੇ ਰੋਗਾਂ ਦੇ ਮਾਹਿਰ, ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਡਾ. ਚੰਦਰ ਮੋਹਿਨੀ, ਡਾ. ਨਿਧੀ ਬਾਂਸਲ ਅਤੇ ਡਾ. ਸੰਦੀਪ ਨੇ ਦੱਸਿਆ ਕਿ ਇਹ ਦਵਾਈਆਂ ਆਮ ਵਰਤੋਂ ਵਿੱਚ ਆਉਣ ਵਾਲੀਆਂ ਹਨ। ਇਹ ਦਵਾਈਆਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਕੀਤੀ ਗਈ ਸਹਿਯੋਗ ਦੀ ਅਪੀਲ ਦੇ ਤਹਿਤ ਦਿੱਤੀਆਂ ਗਈਆਂ ਹਨ। ਸਿਵਲ ਸਰਜਨ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਗੁਰਦੁਆਰਾ ਅੰਗੀਠਾ ਸਾਹਿਬ, ਪੁੱਡਾ ਭਵਨ ਫੇਜ਼-2, ਨਿਊ ਸਬਜ਼ੀ ਮੰਡੀ, ਸੀ-109 ਫੋਕਲ ਪੁਆਇੰਟ, ਅਰਬਨ ਅਸਟੇਟ ਰਾਧਾ ਕ੍ਰਿਸ਼ਨ ਮੰਦਿਰ, ਗੋਪਾਲ ਨਗਰ ਅਤੇ ਰਾਧਾ ਸੁਆਮੀ ਸਤਿਸੰਗ ਘਰ ਪਟਿਆਲਾ ਵਿੱਚ ਹਫ਼ਤੇ ਤੱਕ ਫਲੱਡ ਰਿਲੀਫ ਮੈਡੀਕਲ ਕੈਂਪ ਲਗਾਏ ਗਏ ਹਨ। 4 ਤੋਂ 6 ਮੋਬਾਈਲ ਵੈਨਾਂ ਰਾਹੀਂ 8000 ਲੋਕਾਂ ਨੂੰ ਲੋੜੀਂਦੀਆਂ ਸਿਹਤ ਸੇਵਾਵਾਂ ਦਿੱਤੀਆਂ ਗਈਆਂ।