ਪੱਤਰ ਪ੍ਰੇਰਕ
ਪਟਿਆਲਾ, 28 ਅਗਸਤ
ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ ਵਿੱਚ ਕ੍ਰਿਮੀਨਲ ਜਸਟਿਸ ਇਨ ਨੰਬਰਜ਼ ਵਿਸ਼ੇ ’ਤੇ ਦੋ ਰੋਜ਼ਾ ਕੌਮਾਂਤਰੀ ਕਾਨਫ਼ਰੰਸ ਕਰਵਾਈ ਗਈ। ਉਦਘਾਟਨੀ ਸਮਾਗਮ ਵਿੱਚ ਸੰਬੋਧਨ ਕਰਦਿਆਂ ਵਾਈਸ ਚਾਂਸਲਰ ਜੀਐੱਸ ਬਾਜਪਾਈ ਨੇ ਕਿਹਾ ਕਿ ਹਾਸ਼ੀਏ ’ਤੇ ਪਹੁੰਚੇ ਵੱਡੀ ਗਿਣਤੀ ਭਾਰਤੀਆਂ ਨੂੰ ਨਿਆਂ ਪ੍ਰਦਾਨ ਕਰਨ ਲਈ ਅੰਕੜਿਆਂ ਦਾ ਅਹਿਮ ਯੋਗਦਾਨ ਹੋਵੇਗਾ। ਉਨ੍ਹਾਂ ਕਿਹਾ ਕਿ ਪੀੜਤਾਂ, ਸਬੂਤਾਂ, ਅਪਰਾਧੀ ਅਤੇ ਅਪਰਾਧ ਦੇ ਪ੍ਰੋਫਾਈਲ ਨਾਲ ਸਬੰਧਤ ਅੰਕੜੇ ਇਕੱਠੇ ਕਰਨਾ ਅਤੇ ਵੱਖ-ਵੱਖ ਮਾਪਦੰਡਾਂ ’ਤੇ ਕੀਤਾ ਸਰਵੇਖਣ, ਨਿਆਂ ਪ੍ਰਣਾਲੀ ਵਿੱਚ ਮੌਜੂਦ ਕਮੀਆਂ ਨੂੰ ਦੂਰ ਕਰ ਸਕਦਾ ਹੈ। ਪ੍ਰਧਾਨਗੀ ਸੈਸ਼ਨ ਦੌਰਾਨ ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਅਪਰਾਧ ਨਾਲ ਜੁੜੇ ਅੰਕੜੇ ਪ੍ਰਸ਼ਾਸਨ ਨੂੰ ਬਿਹਤਰ ਜਵਾਬਦੇਹੀ ਦੇ ਯੋਗ ਬਣਾਉਂਦੇ ਹਨ। ਇੰਡੀਆ ਜਸਟਿਸ ਰਿਪੋਰਟ ਦੇ ਮੁੱਖ ਸੰਪਾਦਕ ਮਾਜਾ ਦਾਰੂਵਾਲਾ ਨੇ ਨਾਗਰਿਕਾਂ ਨੂੰ ਨਿਆਂ ਪ੍ਰਦਾਨ ਕਰਨ ਵਿੱਚ ਸੂਬਿਆਂ ਦੀ ਕੁਸ਼ਲਤਾ ਦਾ ਮੁਲਾਂਕਣ ਕਰਨ ਲਈ ਅਪਣਾਏ ਗਏ ਮਾਪਦੰਡਾਂ ਦੇ ਵੇਰਵਿਆਂ ਦਾ ਜ਼ਿਕਰ ਕੀਤਾ।