ਅਸ਼ਵਨੀ ਗਰਗ
ਸਮਾਣਾ, 25 ਅਪਰੈਲ
ਸਥਾਨਕ ਪ੍ਰਸ਼ਾਸਨ ਅਤੇ ਨਗਰ ਕੌਂਸਲ ਵੱਲੋਂ ਅੱਜ ਸ਼ਹਿਰ ਵਿੱਚ ਪੀਲਾ ਪੰਜਾ ਚਲਾਉਂਦਿਆਂ ਦੁਕਾਨਾਂ ਦੇ ਬਾਹਰ ਸੜਕ ’ਤੇ ਕੀਤੇ ਹੋਏ ਨਾਜਾਇਜ਼ ਕਬਜ਼ੇ ਹਟਾਏ ਗਏ। ਇਸ ਕਾਰਵਾਈ ਦੀ ਅਗਵਾਈ ਐੱਸਡੀਐੱਮ ਸਮਾਣਾ ਅਤੇ ਡੀਐੱਸਪੀ ਸਮਾਣਾ ਨੇ ਕੀਤੀ। ਇਸ ਕਾਰਵਾਈ ਤੋਂ ਕੁਝ ਦੇਰ ਬਾਅਦ ਹੀ ਦੁਕਾਨਦਾਰਾਂ ਨੇ ਮੁੜ ਆਪਣਾ ਸਾਮਾਨ ਸੜਕਾਂ ’ਤੇ ਰੱਖ ਲਿਆ। ਸਥਾਨਕ ਪ੍ਰਸ਼ਾਸਨ ਵੱਲੋਂ ਬੀਤੇ ਦਿਨੀਂ ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿੱਚ ਪੀਲੀ ਲਾਈਨ ਲਗਾਈ ਗਈ ਸੀ ਤੇ ਸਾਰੇ ਦੁਕਾਨਦਾਰਾਂ ਸਣੇ ਦੂਜੇ ਲੋਕਾਂ ਨੂੰ ਤਾਕੀਦ ਕੀਤੀ ਗਈ ਸੀ ਕਿ ਪੀਲੀ ਲਾਈਨ ਤੋਂ ਬਾਹਰ ਨਾ ਤਾਂ ਕੋਈ ਸਾਮਾਨ ਰੱਖਿਆ ਜਾਵੇ ਅਤੇ ਨਾ ਵਾਹਨ ਖੜ੍ਹੇ ਕੀਤੇ ਜਾਣ। ਇਸ ਦੇ ਬਾਵਜੂਦ ਦੁਕਾਨਦਾਰਾਂ ਤੇ ਆਮ ਲੋਕਾਂ ਨੇ ਇਨ੍ਹਾਂ ਆਦੇਸ਼ਾਂ ਨੂੰ ਟਿੱਚ ਜਾਣਿਆ। ਇਸ ਨੂੰ ਦੇਖਦਿਆਂ ਅੱਜ ਸਥਾਨਕ ਪ੍ਰਸ਼ਾਸਨ ਨੇ ਸਥਾਨਕ ਤਹਿਸੀਲ ਰੋਡ ’ਤੇ ਪੀਲਾ ਪੰਜਾ ਚਲਾਉਂਦਿਆਂ ਦੁਕਾਨਾਂ ਅੱਗੇ ਨਾਜਾਇਜ਼ ਢੰਗ ਨਾਲ ਰੱਖਿਆ ਸਾਮਾਨ ਤੇ ਬੋਰਡ ਹਟਾ ਦਿੱਤੇ ਗਏ। ਇਸ ਬਾਰੇ ਜਦੋਂ ਨਗਰ ਕੌਂਸਲ ਦੇ ਕਾਰਜਸਾਧਕ ਅਧਿਕਾਰੀ ਮੁਕੇਸ਼ ਸਿੰਗਲਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਕਾਰਵਾਈ ਲਗਾਤਾਰ ਜਾਰੀ ਰਹੇਗੀ।