ਪੱਤਰ ਪ੍ਰੇਰਕ
ਪਾਤੜਾਂ, 29 ਜੂਨ
ਸ਼ਹਿਰ ਦੇ ਕਾਹਨਗੜ੍ਹ ਰੋਡ ਉੱਤੇ ਅਰੋੜਾ ਕਲੋਨੀ ਵਿੱਚ ਹੋਈ ਲੁੱਟ-ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਸੱਤ ਵਿਅਕਤੀਆਂ ਵਿੱਚੋਂ ਤਿੰਨ ਨਾਬਾਲਗ ਹਨ। ਇਨ੍ਹਾਂ ਵਿੱਚੋਂ ਇਕ ਨੂੰ ਗ੍ਰਿਫ਼ਤਾਰ ਕਰ ਕੇ ਬਾਲ ਨਿਕੇਤਨ ਜੇਲ੍ਹ ਭੇਜ ਦਿੱਤਾ ਗਿਆ ਹੈ। ਬਾਕੀਆਂ ਦੀ ਭਾਲ ਕੀਤੀ ਜਾ ਰਹੀ। ਇਸੇ ਦੌਰਾਨ ਸ਼ਹਿਰ ਵਾਸੀਆਂ ਨੇ ਵੱਡੀ ਅਪਰਾਧਿਕ ਘਟਨਾ ਵਿੱਚ ਨਾਬਾਲਗਾਂ ਦੀ ਸ਼ਮੂਲੀਅਤ ਨੂੰ ਭਵਿੱਖ ਲਈ ਮੰਦਭਾਗੀ ਦੱਸਿਆ ਹੈ। ਡੀਐੱਸਪੀ (ਪਾਤੜਾਂ) ਦਲਜੀਤ ਸਿੰਘ ਵਿਰਕ ਨੇ ਦੱਸਿਆ ਕਿ ਉਕਤ ਕਲੋਨੀ ਵਿੱਚ ਹੋਈ ਲੁੱਟ-ਖੋਹ ਦੀ ਵਾਰਦਾਤ ਵਿੱਚ ਪੁਲੀਸ ਨੇ ਸੱਤ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ। ਇਨ੍ਹਾਂ ਵਿੱਚੋਂ ਨੌਕਰਾਣੀ ਜਸਵਿੰਦਰ ਕੌਰ ਉਰਫ਼ ਜਸਵੀਰ ਕੌਰ, ਸੁਖਚੈਨ ਸਿੰਘ ਤੋਂ ਪੁਲੀਸ ਰਿਮਾਂਡ ਤਹਿਤ ਪੁੱਛਗਿਛ ਕੀਤੀ ਜਾ ਰਹੀ ਹੈ। ਫੜੇ ਗਏ ਤੀਸਰੇ ਮੁਲਜ਼ਮ ਮੋਕਸ਼ ਗੁਪਤਾ ਵਾਸੀ ਨਾਭਾ ਗੇਟ, ਸੰਗਰੂਰ ਨੂੰ ਨਾਬਾਲਗ ਹੋਣ ਕਰਕੇ ਬਾਲ ਨਿਕੇਤਨ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਹੈ ਕਿ ਸੁਖਚੈਨ ਸਿੰਘ ਉੱਤੇ ਪਹਿਲਾਂ ਵੀ ਲੁੱਟ-ਖੋਹ ਦਾ ਕੇਸ ਦਰਜ ਹੈ। ਪਹਿਲੇ ਕੇਸ ਦੌਰਾਨ ਜਦੋਂ ਉਹ ਸੰਗਰੂਰ ਜੇਲ੍ਹ ਵਿੱਚ ਸੀ ਉਸ ਸਮੇਂ ਉਸ ਦੀ ਮੁਲਾਕਾਤ ਉਕਤ ਕੇਸ ਦੇ ਮਾਸਟਰ ਮਾਈਂਡ ਅਕਾਸ਼ ਕੁਮਾਰ ਉਰਫ ਕਾਕਾ ਨਾਲ ਹੋਈ। ਇਹ ਦੋਵੇਂ ਅਪਰਾਧਕ ਘਟਨਾਵਾਂ ਵਿੱਚ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਨਿਤੀਸ਼ ਉਰਫ ਭੋਲਾ ਵਾਸੀ ਹਰੀਪੁਰ ਕਲੋਨੀ, ਸੰਗਰੂਰ ਅਤੇ ਸੁਮਿਤ ਕੁਮਾਰ ਵਾਸੀ ਰਾਮ ਨਗਰ ਬਸਤੀ, ਸੰਗਰੂਰ, ਨਾਬਾਲਗ ਹਨ। ਇਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਮਗਰੋਂ ਬਾਲ ਨਿਕੇਤਨ ਜੇਲ੍ਹ ਵਿੱਚ ਭੇਜ ਦਿੱਤਾ ਜਾਵੇਗਾ।