ਖੇਤਰੀ ਪ੍ਰਤੀਨਿਧ
ਪਟਿਆਲਾ, 6 ਸਤੰਬਰ
ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਨੇ ਆਖਿਆ ਕਿ ਪੰਜਾਬ ਸਰਕਾਰ ਨਸ਼ਿਆਂ ਦੀ ਦਲਦਲ ’ਚ ਫਸੇ ਨੌਜਵਾਨਾਂ ਦਾ ਮੁੜ ਵਸੇਬਾ ਕਰੇਗੀ। ਉਹ ਅੱਜ ਇੱਥੇ ‘ਪੰਜਾਬ ਸਾਕੇਤ ਹਸਪਤਾਲ’ ਵਿਚ ਸਥਿਤ ਰੈੱਡ ਕਰਾਸ ਨਸ਼ਾ ਛੁਡਾਊ ਤੇ ਪੁਨਰਵਾਸ ਕੇਂਦਰ (ਇੰਟੀਗ੍ਰੇਟਡ ਰੀਹੈਬਲੀਟੇਸ਼ਨ ਸੈਂਟਰ ਫਾਰ ਐਡਿਕਟਸ) ਦਾ 25 ਲੱਖ ਦੀ ਲਾਗਤ ਨਾਲ ਨਵੀਨੀਕਰਨ ਅਤੇ ਅਪਗ੍ਰੇਡ ਕਰਨ ਉਪਰੰਤ ਉਦਘਾਟਨ ਕਰਨ ਪੁੱਜੇ ਹੋਏ ਸਨ। ਇਸ ਕੇਂਦਰ ਵਿੱਚ ਦਾਖ਼ਲ ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਲਈ ਆਈਸੀਆਈਸੀ ਫਾਊਂਡੇਸ਼ਨ ਦੇ ਸਹਿਯੋਗ ਨਾਲ ਸ਼ੁਰੂ ਕੀਤੇ ਆਧੁਨਿਕ ਸਕਿੱਲ ਡਿਵੈਲਪਮੈਂਟ ਸੈਂਟਰ ਦਾ ਉਦਘਾਟਨ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਨੇ ਨਸ਼ਾਮੁਕਤ ਸਮਾਜ ਸਿਰਜਣ ਲਈ ਵਿਸ਼ੇਸ਼ ਕਾਰਜ ਯੋਜਨਾ ਉਲੀਕੀ ਹੈ। ਸ੍ਰੀ ਜੌੜੇਮਾਜਰਾ ਨੇ ਇੱਥੇ ਦਾਖ਼ਲ ਨੌਜਵਾਨਾਂ ਨੂੰ ਦ੍ਰਿੜ ਇਰਾਦੇ ਨਾਲ ਨਸ਼ਿਆਂ ਤੋਂ ਛੁਟਕਾਰਾ ਪਾ ਕੇ ਖ਼ੁਸ਼ਹਾਲ ਜੀਵਨ ਦੀ ਨਵੀਂ ਸ਼ੁਰੂਆਤ ਕਰਨ ਲਈ ਪ੍ਰੇਰਿਆ। ਉਨ੍ਹਾਂ ਇੱਥੇ ਡਿਊਟੀ ਨਿਭਾਅ ਰਹੇ ‘ਨਸ਼ਾ ਛੁਡਾਊ ਮੁਲਾਜ਼ਮ ਯੂਨੀਅਨ’ ਦੇ ਸੂਬਾਈ ਪ੍ਰਧਾਨ ਪਰਮਿੰਦਰ ਸਿੰਘ ਅਤੇ ਹੋਰ ਮੁਲਾਜ਼ਮਾਂ ਨਾਲ ਗੱਲਬਾਤ ਵੀ ਕੀਤੀ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ 30 ਬਿਸਤਰਿਆਂ ਵਾਲੇ ਇਸ ਸੈਂਟਰ ’ਚ ਇਸ ਵੇਲੇ 22 ਜਣੇ ਦਾਖ਼ਲ ਹਨ। ਉਨ੍ਹਾਂ ਨੂੰ ਇੱਕ ਮਹੀਨੇ ਲਈ ਇੱਥੇ ਰੱਖ ਕੇ ਹਰ ਪੱਖੋਂ ਨਸ਼ਿਆਂ ਵਿਰੁੱਧ ਪ੍ਰੇਰਨ ਸਣੇ ਇਨ੍ਹਾਂ ਦਾ ਹੁਨਰ ਵਿਕਾਸ ਕਰ ਕੇ ਨਸ਼ਿਆਂ ਤੋਂ ਦੂਰ ਕੀਤਾ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ 50 ਸਾਲ ਪੁਰਾਣੀ ਇਮਾਰਤ ਦਾ ਜੇਐੱਸ ਡਬਲਿਊ ਰਾਜਪੁਰਾ ਵੱਲੋਂ ਸੀਐਸਆਰ ਫੰਡਾਂ ਤਹਿਤ 25 ਲੱਖ ਨਾਲ ਨਵੀਨੀਕਰਨ ਕਰਵਾਇਆ ਗਿਆ ਹੈ। ਇਸ ਮੌਕੇ ਵਿਧਾਇਕ ਅਜੀਤਪਾਲ ਕੋਹਲੀ ਤੇ ਡਾ. ਬਲਬੀਰ ਸਿੰਘ ਵੀ ਮੌਜੂਦ ਸਨ।
ਅਰਸ਼ਦੀਪ ਵਿਰੁੱਧ ਕੂੜ ਪ੍ਰਚਾਰ ਬੰਦ ਕੀਤਾ ਜਾਵੇ: ਜੌੜੇਮਾਜਰਾ
ਪਟਿਆਲਾ (ਪੱਤਰ ਪ੍ਰੇਰਕ): ਕੈਬਨਿਟ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਨੇ ਕਿਹਾ ਕਿ ਭਾਰਤ ਵਿਚ ਕ੍ਰਿਕਟਰ ਅਰਸ਼ਦੀਪ ਵਿਰੁੱਧ ਜੋ ਮਾਹੌਲ ਬਣਾਇਆ ਜਾ ਰਿਹਾ ਹੈ, ਉਹ ਗਲਤ ਹੈ। ਅਰਸ਼ਦੀਪ ਭਾਰਤ ਦਾ ਮਾਣ ਹੈ, ਇਸ ਕਰ ਕੇ ਉਸ ਵਿਰੁੱਧ ਕੀਤਾ ਜਾ ਰਿਹਾ ਕੂੜ ਪ੍ਰਚਾਰ ਬੰਦ ਕੀਤਾ ਜਾਵੇ। ਸਿਹਤ ਮੰਤਰੀ ਜੌੜੇਮਾਜਰਾ ਨੇ ਇੱਥੇ ਬਾਰਾਂਦਰੀ ਵਿਚ ਇਕ ਬੂਟਾ ਲਗਾ ਕੇ ਵਾਤਾਵਰਨ ਦੀ ਸੰਭਾਲ ਦੀ ਗੱਲ ਵੀ ਕੀਤੀ।