ਸਰਬਜੀਤ ਸਿੰਘ ਭੰਗੂ
ਪਟਿਆਲਾ, 26 ਮਈ
ਭਗਵੰਤ ਸਿੰਘ ਪਟਿਆਲਾ ਦੀ ਅਧੀਨਗੀ ਵਾਲੀ ‘ਗੁਰੂ ਸ਼ਬਦ ਪ੍ਰਚਾਰ ਸਭਾ ਸੁਸਾਇਟੀ’ ਵੱਲੋਂ ਇਥੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ’ਚ 14 ਲੱਖ ਦੀ ਲਾਗਤ ਨਾਲ 30 ਕਿਲੋਵਾਟ ਦਾ ਸੋਲਰ ਪਲਾਂਟ ਲਵਾਇਆ ਗਿਆ ਹੈ। ਜਿਸ ਦਾ ਉਦਘਾਟਨ ਅੱਜ ਸ਼੍ਰੋਮਣੀ ਗੁਰਦਾਵਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੋ ਸਾਬਕਾ ਪ੍ਰ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਤੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਸਣੇ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ, ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਕਰਨੈਲ ਸਿੰਘ ਪੰਜੋਲੀ ਤੇ ਐਗਜੈਕਟਿੰਵ ਮੈਂਬਰ ਸੁਰਜੀਤ ਸਿੰਘ ਗੜ੍ਹੀ ਦੀ ਹਾਜ਼ਰੀ ’ਚ ਕੀਤਾ ਗਿਆ। ਸੁਸਾਇਟੀ ਦੇ ਮੁਖੀ ਭਗਵੰਤ ਸਿੰਘ ਤੇ ਟੀਮ ਵੱਲੋਂ ਕੀਤੇ ਉਪਰਾਲੇ ਦੀ ਸਰਾਹਨਾ ਕਰਦਿਆਂ, ਸ੍ਰੀ ਧਾਮੀ ਨੇ ਕਿਹਾ ਕਿ ਜਿਥੇ ਸ਼੍ਰੋਮਣੀ ਕਮੇਟੀ ਧਰਮ ਦੇ ਪ੍ਰਚਾਰ ਪਸਾਰ ਕਾਰਜ ਚਲਾਉਣ ਸਮੇਤ ਗੁਰਧਾਮਾ ’ਚ ਕਾਰਜ ਕਰਵਾ ਰਹੀ ਹੈ, ਉਥੇ ਸਿੱਖ ਸਭਾ ਸੁਸਾਇਟੀਆਂ ਤੇ ਸੰਤ ਮਹਾਂਪੁਰਸ਼ਾਂ ਵੱਲੋਂ ਵੀ ਵੱਖ ਵੱਖ ਢੰਗ ਤਰੀਕਿਆਂ ਨਾਲ ਯੋਗਦਾਨ ਪਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬਿਜਲੀ ਦੀ ਬਚਤ ਲਈ ਸ਼੍ਰੋਮਣੀ ਕਮੇਟੀ ਵੱਲੋਂ ਵੱਖ ਵੱਖ ਗੁਰਦਵਾਰਾ ਸਾਹਿਬਾਨ ’ਚ ਅਜਿਹੇ ਸੋਲਰ ਪਲਾਂਟ ਲਾਏ ਜਾ ਰਹੇ ਹਨ। ਇਹ ਸੋਲਰ ਪਲਾਂਟ ‘ਗੁਰੂ ਸ਼ਬਦ ਪ੍ਰਚਾਰ ਸਭਾ ਸੁਸਾਇਟੀ’ ਵੱਲੋਂ ਲਵਾਇਆ ਗਿਆ ਹੈ। ਜਿਸ ਸਬੰਧੀ ਸੁਸਾਇਟੀ ਦੇ ਮੁੱਖ ਸੇਵਾਦਾਰ ਭਗਵੰਤ ਸਿੰਘ ਪਟਿਆਲਾ ਤੇ ਹੋਰਾਂ ਦਾ ਸਨਮਾਨ ਕੀਤਾ ਗਿਆ।