ਸਰਬਜੀਤ ਸਿੰਘ ਭੰਗੂ
ਪਟਿਆਲਾ, 29 ਅਕਤੂਬਰ
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਅੱਜ ਡੇਂਗੂ ਮੱਛਰ ਦਾ ਲਾਰਵਾ ਚੈੱਕ ਕਰਨ ਲਈ ਸਿਹਤ ਵਿਭਾਗ, ਨਗਰ ਨਿਗਮ ਤੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਦੀ ਅਗਵਾਈ ਕੀਤੀ। ਇਨ੍ਹਾਂ ਟੀਮਾਂ ਨੇ ਸ਼ਹਿਰ ਅੰਦਰ ਦਾਰੂ ਕੁਟੀਆ ਮੁਹੱਲਾ, ਸੰਜੇ ਕਲੋਨੀ, ਤਫ਼ੱਜਲਪੁਰਾ ਤੇ ਹੋਰਨਾਂ ਕਲੋਨੀਆਂ ਦਾ ਨਿਰੀਖਣ ਕੀਤਾ। ਇਸ ਟੀਮ ਵਿੱਚ ਨਗਰ ਨਿਗਮ ਦੇ ਕਮਿਸ਼ਨਰ ਅਦਿੱਤਿਆ ਉਪਲ, ਏ.ਡੀ.ਸੀ. (ਜ) ਗੁਰਪ੍ਰੀਤ ਸਿੰਘ ਥਿੰਦ, ਸਹਾਇਕ ਸਿਵਲ ਸਰਜਨ ਡਾ. ਵਿਕਾਸ ਗੋਇਲ ਅਤੇ ਹੋਰ ਅਧਿਕਾਰੀ ਤੇ ਕਰਮਚਾਰੀ ਸ਼ਾਮਲ ਸਨ। ਡੀਸੀ ਨੇ ਲੋਕਾਂ ਨੂੰ ਕਿਹਾ ਕਿ ਡੇਂਗੂ ਮੱਛਰ ਦੀ ਰੋਕਥਾਮ ਲਈ ਘਰਾਂ ਸਮੇਤ ਆਲੇ-ਦੁਆਲੇ ਪਾਣੀ ਦੇ ਸਰੋਤ ਦੀ ਨਿਯਮਤ ਸਫ਼ਾਈ ਕੀਤੀ ਜਾਵੇ ਤੇ ਪਾਣੀ ਇਕੱਠਾ ਨਾ ਹੋਣ ਦਿੱਤਾ ਜਾਵੇ। ਖੜ੍ਹੇ ਪਾਣੀ ’ਚ ਮੱਛਰ ਮਾਰ ਦਵਾਈ ਦਾ ਛਿੜਕਾਅ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਨਗਰ ਨਿਗਮ ਵੱਲੋਂ ਫੌਗਿੰਗ ਵੀ ਕਰਵਾਈ ਜਾ ਰਹੀ ਹੈ। ਸਰਕਾਰੀ ਹਸਪਤਾਲਾਂ ’ਚ ਡੇਂਗੂ ਦਾ ਇਲਾਜ ਅਤੇ ਟੈਸਟ ਦੇ ਪ੍ਰਬੰਧ ਹਨ।
ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ
ਸਿਹਤ ਵਿਭਾਗ ਨੇ ਦੱਸਿਆ ਕਿ ਭਰਤ ਨਗਰ, ਡੀ.ਐੱਮ.ਡਬਲਿਊ, ਅਰਬਨ ਐਸਟੇਟ, ਰਣਜੀਤ ਨਗਰ, ਅਲੀਪੁਰ ਅਰਾਈਆਂ, ਬਾਜਵਾ ਕਲੋਨੀ, ਗੁਰਬਖ਼ਸ਼ ਕਲੋਨੀ, ਸ਼ਾਂਤੀ ਨਗਰ, ਸੰਜੇ ਕਲੋਨੀ, ਵਿਰਕ ਕਲੋਨੀ, ਤਫ਼ੱਜਲਪੁਰਾ, ਘੁੰਮਣ ਨਗਰ, ਬਾਬਾ ਦੀਪ ਸਿੰਘ ਨਗਰ, ਕ੍ਰਿਸ਼ਨਾ ਕਲੋਨੀ, ਬਾਬੂ ਸਿੰਘ ਕਲੋਨੀ ਅਤੇ ਪੰਜਾਬੀ ਬਾਗ ਵਿੱਚ ਡੇਂਗੂ ਦਾ ਲਾਰਵਾ ਪਾਇਆ ਜਾ ਸਕਦਾ ਹੈ। ਇਨ੍ਹਾਂ ਕਲੋਨੀਆਂ ਦੇ ਲੋਕਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ।
ਡੇਂਗੂ ਤੋਂ ਬਚਣ ਲਈ ਲੋਕਾਂ ਨੂੰ ਪੁਰੀਆਂ ਬਾਹਾਂ ਵਾਲੇ ਕੱਪੜੇ ਪਹਿਨਣ ਲਈ ਕਿਹਾ ਗਿਆ ਹੈ ਤਾਂ ਕਿ ਸਰੀਰ ਢੱਕਿਆ ਰਹੇ ਤੇ ਮੱਛਰ ਨਾ ਕੱਟ ਸਕਣ।