ਖੇਤਰੀ ਪ੍ਰਤੀਨਿਧ
ਪਟਿਆਲਾ, 16 ਸਤੰਬਰ
ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਮੈਂਬਰ ਪ੍ਰੀਤੀ ਚਾਵਲਾ ਨੇ ਅੱਜ ਪਟਿਆਲਾ ਵਿੱਚ ਦੋ ਸਰਕਾਰੀ ਐਲੀਮੈਂਟਰੀ ਸਕੂਲਾਂ, ਸਿਕਲੀਗਰ ਅਤੇ ਬਡੂੰਗਰ ਸਮੇਤ ਇੱਕ ਆਂਗਣਵਾੜੀ ਵਿੱਚ ਮਿੱਡ-ਡੇਅ ਮੀਲ ਦਾ ਅਚਨਚੇਤ ਨਿਰੀਖਣ ਕੀਤਾ। ਇੱਥੇ ਉਨ੍ਹਾਂ ਨੇ ਸਕੂਲ ਅਧਿਆਪਕਾਂ ਅਤੇ ਬੱਚਿਆਂ ਨਾਲ ਵੀ ਗੱਲਬਾਤ ਕੀਤੀ। ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਮਨਵਿੰਦਰ ਕੌਰ ਤੋਂ ਇਲਾਵਾ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਤੇ ਅਧਿਆਪਕ ਵੀ ਮੌਜੂਦ ਸਨ। ਇਨ੍ਹਾਂ ਨੇ ਫੂਡ ਕਮਿਸ਼ਨ ਦੇ ਮੈਂਬਰ ਨੂੰ ਭਰੋਸਾ ਦਿੱਤਾ ਕਿ ਬੱਚਿਆਂ ਨੂੰ ਬਿਹਤਰ ਢੰਗ ਨਾਲ ਮਿੱਡ-ਡੇਅ ਮੀਲ ਖਾਣਾ ਪ੍ਰਦਾਨ ਕਰਨ ਸਬੰਧੀ ਹੋਰ ਵੀ ਸੁਧਾਰ ਕੀਤੇ ਜਾਣਗੇ। ਇਸ ਤੋਂ ਬਾਅਦ ਪ੍ਰੀਤੀ ਚਾਵਲਾ ਨੇ ਫੈਕਟਰੀ ਏਰੀਆ ਅਤੇ ਜੱਟਾਂ ਵਾਲਾ ਚੌਂਤਰਾ ਵਿੱਚ ਜਨਤਕ ਵੰਡ ਪ੍ਰਣਾਲੀ ਤਹਿਤ ਰਾਸ਼ਨ ਡਿੱਪੂਆਂ ’ਤੇ ਲਾਭਪਾਤਰੀਆਂ ਨੂੰ ਵੰਡੀ ਜਾ ਰਹੀ ਕਣਕ ਦਾ ਵੀ ਨਿਰੀਖਣ ਕੀਤਾ। ਉਨ੍ਹਾਂ ਨੇ ਇੱਥੇ ਮੌਜੂਦ ਸਥਾਨਕ ਲਾਭਪਾਤਰੀ ਖਪਤਕਾਰਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੇ ਵਿਚਾਰ ਵੀ ਜਾਣੇ ਅਤੇ ਕਣਕ ਦੀ ਵੰਡ ’ਤੇ ਤਸੱਲੀ ਦਾ ਪ੍ਰਗਟਾਵਾ ਕੀਤਾ।