ਪੱਤਰ ਪ੍ਰੇਰਕ
ਸਮਾਣਾ, 12 ਅਪਰੈਲ
ਅਨਾਜ ਮੰਡੀ ਵਿਚ ਕਣਕ ਦੀ ਲੋਡਿੰਗ ਨੂੰ ਲੈ ਕੇ ਵਰਤੀਆਂ ਜਾ ਰਹੀਆਂ ਬੇਨਿਯਮੀਆਂ ਦੇ ਮਸਲੇ ਨੂੰ ਲੈ ਕੇ ਹਲਕਾ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੇ ਪ੍ਰਸ਼ਾਸਨਿਕ ਅਧਿਕਾਰੀਆਂ, ਖਰੀਦ ਏਜੰਸੀ ਅਧਿਕਾਰੀਆਂ, ਟਰੱਕ ਯੂਨੀਅਨ ਮੈਂਬਰਾਂ ਅਤੇ ਆੜ੍ਹਤੀਆਂ ਨਾਲ ਮੀਟਿੰਗ ਕਰਕੇ ਹਦਾਇਤ ਕੀਤੀ ਹੈ ਕਿ ਆੜ੍ਹਤੀ ਰੋਜ਼ਾਨਾ ਖਰੀਦ ਕੀਤੀ ਕਣਕ ਨੂੰ ਤਰੀਕ ਦੇ ਹਿਸਾਬ ਨਾਲ ਲੋਡ ਕਰਵਾਉਣ ਨਾ ਕਿ ਅਨਾਜ ਮੰਡੀ ਦੇ ਗੇਟ ’ਤੇ ਆਪਣੇ ਮੁਨੀਮਾਂ ਨੂੰ ਖੜ੍ਹਾ ਕਰਕੇ ਮਨਮਰਜ਼ੀ ਕਰਨ। ਉਨ੍ਹਾਂ ਕਿਹਾ ਕਿ ਅਜਿਹਾ ਕਰਨ ਨਾਲ ਆਪਸੀ ਭਾਈਚਾਰਕ ਸਾਂਝ ਖ਼ਰਾਬ ਹੁੰਦੀ ਹੈ। ਇਸ ਮੌਕੇ ਉਨ੍ਹਾਂ ਅਧਿਕਾਰੀਆਂ ਤੋਂ ਮੰਡੀ ਵਿੱਚ ਵਿਕਣ ਲਈ ਆ ਰਹੀ ਕਣਕ ਦੀ ਖਰੀਦ ਅਤੇ ਹੋਰ ਕੰਮਾਂ ਦੀ ਸਥਿਤੀ ਬਾਰੇ ਵੀ ਜਾਣਕਾਰੀ ਲਈ। ਇਸ ਮੌਕੇ ਉਨ੍ਹਾਂ ਨਾਲ ਐੱਸਡੀਐੱਮ ਟੀ.ਵੈਨਿਥ, ਮਾਰਕੀਟ ਕਮੇਟੀ ਸੈਕਟਰੀ ਪ੍ਰਭਲੀਨ ਸਿੰਘ ਚੀਮਾ, ਮੰਡੀ ਸੁਪਰਵਾਈਜ਼ਰ ਜਸਮਨਪ੍ਰੀਤ ਸਿੰਘ ਸਿੱਧੂ, ਆੜ੍ਹਤੀ ਐਸੋਸੀਏਸ਼ਨ ਪ੍ਰਧਾਨ ਪਵਨ ਬਾਂਸਲ, ਪਵਨ ਧੂਰੀ, ਸੰਜੂ ਕਕਰਾਲਾ, ਸੁਸ਼ੀਲ ਕੁਮਾਰ ਕਾਕਾ ਤੋਂ ਇਲਾਵਾ ਹੋਰ ਆੜ੍ਹਤੀ ਤੇ ਅਧਿਕਾਰੀ ਵੀ ਮੌਜੂਦ ਸਨ।