ਮੁਖਤਿਆਰ ਸਿੰਘ ਨੌਵਾਵਾਂ
ਦੇਵੀਗੜ੍ਹ, 24 ਸਤੰਬਰ
ਮੁੱਖ ਖੇਤੀਬਾੜੀ ਅਫਸਰ, ਪਟਿਆਲਾ ਦੀ ਪ੍ਰਧਾਨਗੀ ਤੇ ਖੇਤੀਬਾੜੀ ਅਫਸਰ ਡਾ. ਗੁਰਦੇਵ ਸਿੰਘ ਦੀ ਅਗਵਾਈ ਹੇਠ ਖਾਦ, ਬੀਜ ਤੇ ਕੀੜੇਮਾਰ ਦਵਾਈ ਵਿਕਰੇਤਾ ਤੇ ਸੈਕਟਰੀ ਸਹਿਕਾਰੀ ਸਭਾਵਾਂ ਦੀ ਮੀਟਿੰਗ ਦੇਵੀਗੜ੍ਹ ਵਿੱਚ ਹੋਈ।
ਮੀਟਿੰਗ ਦੇ ਮੁੱਖ ਮਹਿਮਾਨ ਹਰਵਿੰਦਰ ਸਿੰਘ ਮੁੱਖ ਖੇਤੀਬਾੜੀ ਅਫਸਰ ਪਟਿਆਲਾ ਨੇ ਆਗਾਮੀ ਹਾੜੀ ਸੀਜ਼ਨ ਦੌਰਾਨ ਕਿਸਾਨਾਂ ਨੂੰ ਖਾਦਾਂ ਦੀ ਪੂਰਤੀ ਕਰਨ ਲਈ ਡੀ.ਏ.ਪੀ. ਯੂਰੀਆ ਅਤੇ ਹੋਰ ਖਾਦਾਂ ਸਬੰਧੀ ਕਿਸਾਨਾਂ ਨੂੰ ਵੰਡਣ ਸਮੇਂ ਕਿਸੇ ਵੀ ਕਿਸਮ ਦੀ ਅਣਗਹਿਲੀ ਨਾ ਕਰਨ ਦੀ ਹਦਾਇਤ ਕੀਤੀ। ਡਾ. ਗੁਰਦੇਵ ਸਿੰਘ ਖੇਤੀਬਾੜੀ ਅਫਸਰ ਬਲਾਕ ਭੁੱਨਰਹੇੜੀ ਨੇ ਪਰਾਲੀ ਦੀ ਸਾਂਭ ਸੰਭਾਲ ਬਾਰੇ ਜਾਣਕਾਰੀ ਦਿੱਤੀ ਅਤੇ ਪਾਰਲੀ ਨੂੰ ਸਾੜਨ ਦੀ ਬਜਾਇ ਖੇਤ ਵਿੱਚ ਹੀ ਰਲਾਉਣ ਦੇ ਲਾਭ ਬਾਰੇ ਜਾਗਰੂਕ ਕੀਤਾ। ਖੇਤੀਬਾੜੀ ਵਿਕਾਸ ਅਫਸਰ ਵਿਮਲਪ੍ਰੀਤ ਸਿੰਘ ਨੇ ਸਮੂਹ ਹਾਜ਼ਰ ਕਿਸਾਨਾਂ ਨੂੰ ਝੋਨੇ ਦੀ ਫਸਲ ਦੀਆਂ ਬਿਮਾਰੀਆਂ ਅਤੇ ਲੋੜ ਅਨੁਸਾਰ ਕੀੜੇਮਾਰ ਦਵਾਈਆਂ ਦੀ ਵਰਤੋਂ ਬਾਰੇ ਜਾਣਕਾਰੀ ਦਿੱਤੀ। ਲਵਦੀਪ ਸਿੰਘ ਖੇਤੀਬਾੜੀ ਵਿਕਾਸ ਅਫਸਰ ਨੇ ਬਾਸਮਤੀ ਦੀ ਫਸਲ ਵਾਸਤੇ ਬੈਨ 10 ਦਵਾਈਆਂ ਬਾਰੇ ਜਾਣਕਾਰੀ ਦਿੱਤੀ। ਅਮਨਦੀਪ ਸਿੰਘ ਖੇਤੀਬਾੜੀ ਵਿਕਾਸ ਅਫਸਰ ਨੇ ਖਾਦਾਂ ਦੀ ਸੁਚੱਜੀ ਵਰਤੋਂ ਬਾਰੇ ਕਿਸਾਨਾਂ ਨੂੰ ਪ੍ਰੇਰਿਆ। ਸਮੂਹ ਡੀਲਰਾਂ ਨੇ ਪਰਾਲੀ ਸਾੜਨ ਤੋਂ ਰੋਕਣ ਲਈ ਵੱਧ ਤੋਂ ਵੱਧ ਕਿਸਾਨਾਂ ਨੂੰ ਜਾਗਰੂਕ ਕਰਨ ਦਾ ਵਿਸ਼ਵਾਸ਼ ਦਿਵਾਇਆ। ਮੀਟਿੰਗ ਵਿੱਚ ਪ੍ਰਧਾਨ ਜਸਵਿੰਦਰ ਸਿਘ ਰਾਣਾ, ਪ੍ਰਧਾਨ ਸਿਮਰਨਜੀਤ ਸਿੰਘ ਸੋਹਲ, ਜਗਤਾਰ ਸਿੰਘ ਜੁਲਕਾਂ ਆਦਿ ਹਾਜ਼ਰ ਸਨ।
ਦਵਾਈਆਂ ਨਾਲ ਬੇਲੋੜੀਆਂ ਵਸਤਾਂ ਥੋਪਣ ’ਤੇ ਪਾਬੰਦੀ ਮੰਗੀ
ਮੀਟਿੰਗ ਵਿੱਚ ਫਰਟੀਲਾਇਜ਼ਰ ਐਸੋਸੀਏਸ਼ਨ ਦੇਵੀਗੜ੍ਹ ਦੇ ਪ੍ਰਧਾਨ ਪਰਮਜੀਤ ਸ਼ਰਮਾ ਨੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਦੱਸਿਆ ਕਿ ਉਨ੍ਹਾਂ ਨੂੰ ਖਾਦਾਂ ਦੇ ਨਾਲ ਜੋ ਬੇਲੋੜੀਆ ਵਸਤਾਂ ਥੋਪੀਆਂ ਜਾਂਦੀਆਂ ਹਨ, ਜੋ ਕਿ ਕਿਸਾਨਾਂ ਦੇ ਕਿਸੇ ਕੰਮ ਨਹੀਂ ਆਉਂਦੀਆਂ ਉਨ੍ਹਾਂ ਵਸਤਾਂ ਪਾਬੰਦੀ ਹੋਣੀ ਚਾਹੀਦੀ ਹੈ। ਅਧਿਕਾਰੀਆ ਨੇ ਉਨ੍ਹਾਂ ਦੀ ਇਸ ਮੰਗ ’ਤੇ ਤੁਰੰਤ ਕਾਰਵਾਈ ਕਰਨ ਅਤੇ ਮੀਟਿੰਗ ਡੀਸੀ ਪਟਿਆਲਾ ਨਾਲ ਕਰਵਾਉਣ ਦਾ ਭਰੋਸਾ ਦਿੱਤਾ।