ਸਰਬਜੀਤ ਸਿੰਘ ਭੰਗੂ
ਪਟਿਆਲਾ, 1 ਅਗਸਤ
ਜ਼ਿਲ੍ਹਾ ਪੱਧਰੀ ਕੋਵਿਡ-19 ਰਾਹਤ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ, ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਪਟਿਆਲਾ ਜ਼ਿਲ੍ਹੇ ’ਚ ਕੋਵਿਡ-19 ਮਹਾਮਾਰੀ ਕਰਕੇ ਆਪਣੇ ਪਰਿਵਾਰਾਂ ਦੇ ਕਮਾਊ ਜੀਅ ਗੁਆਉਣ ਵਾਲੇ ਪਰਿਵਾਰਾਂ ਅਤੇ ਆਸ਼ਰਿਤਾਂ ਨੂੰ ਸਰਕਾਰ ਦੀਆਂ ਭਲਾਈ ਸਕੀਮਾਂ ਦਾ ਲਾਭ ਦੇਣਾ 10 ਅਗਸਤ ਤੱਕ ਯਕੀਨੀ ਬਣਾਇਆ ਜਾਵੇ। ਜ਼ਿਲ੍ਹੇ ਅੰਦਰ ਅਜਿਹੇ 109 ਮਾਮਲਿਆਂ ਦੀ ਪਛਾਣ ਕੀਤੀ ਗਈ ਹੈ, ਜਿਨ੍ਹਾਂ ’ਚੋਂ 87 ਜਣਿਆਂ ਨੂੰ ਜੂਨ ਦੀ ਵਿਧਵਾ ਪੈਨਸ਼ਨ ਦੇ ਦਿੱਤੀ ਗਈ ਹੈ। ਜਦੋਂਕਿ 71 ਆਸ਼ਰਿਤ ਬੱਚਿਆਂ ਦੀ ਪੈਨਸ਼ਨ ਲਈ 44 ਕੇਸ ਪਛਾਣ ਕੀਤੇ ਗਏ ਹਨ। ਬੱਚਿਆਂ ਨੂੰ ਸਰਕਾਰ ਵੱਲੋਂ ਗ੍ਰੈਜੂਏਸ਼ਨ ਤੱਕ ਮੁਫ਼ਤ ਸਿੱਖਿਆ ਦਿੱਤੀ ਜਾਵੇਗੀ। ਇਨ੍ਹਾਂ ਵਿੱਚੋਂ 36 ਬੱਚੇ ਨਿੱਜੀ ਸਕੂਲਾਂ ’ਚ ਅਤੇ 16 ਬੱਚੇ ਸਰਕਾਰੀ ਸਕੂਲਾਂ ’ਚ ਪੜ੍ਹ ਰਹੇ ਹਨ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪਰਿਵਾਰ ਦਾ ਕਮਾਊ ਜੀਅ ਗੁਆਉਣ ਵਾਲੇ ਲੋਕ ਸਰਕਾਰ ਦੀਆਂ ਸਕੀਮਾਂ ਦਾ ਲਾਭ ਲੈਣ ਲਈ ਨੋਡਲ ਅਧਿਕਾਰੀਆਂ ਨਾਲ ਸੰਪਰਕ ਕਰਨ।