ਸਰਬਜੀਤ ਸਿੰਘ ਭੰਗੂ
ਪਟਿਆਲਾ, 8 ਨਵੰਬਰ
ਪੰਜਾਬੀ ਯੂਨੀਵਰਸਿਟੀ ਵਿੱਚ ਯੁਵਕ ਭਲਾਈ ਵਿਭਾਗ ਦੇ ਡਾਇਰੈਕਟਰ ਪ੍ਰੋ. ਵਰਿੰਦਰ ਕੁਮਾਰ ਕੌਸ਼ਿਕ ਦੀ ਦੇਖ ਰੇਖ ਹੇਠਾਂ ਜਾਰੀ ਤਿੰਨ ਰੋਜ਼ਾ ਅੰਤਰ ਖੇਤਰੀ ਯੁਵਕ ਮੇਲਾ ਅੱਜ ਦੂਜੇ ਦਿਨ ਹੋਰ ਵੀ ਸਿੱਖਰਾਂ ’ਤੇ ਜਾ ਅੱਪੜਿਆ। ਮੇਲੇ ਵਿੱਚ 31 ਕਲਾ-ਵੰਨਗੀਆਂ ਵਿੱਚ 69 ਕਾਲਜਾਂ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ। ਅੱਜ ਗੁਰੂ ਤੇਗ ਬਹਾਦਰ ਹਾਲ ਦੀ ਸਟੇਜ ’ਤੇ ਕੀਤੀ ਗਈ ਇਕਾਂਗੀ ਦੀ ਪੇਸ਼ਕਾਰੀ ਦੌਰਾਨ ਕਈ ਦ੍ਰਿਸ਼ਾਂ ਨੇ ਤਾਂ ਦਰਸ਼ਕਾਂ ਨੂੰ ਇਸ ਕਦਰ ਭਾਵੁਕ ਕਰ ਦਿੱਤੇ ਕਿ ਕਈਆਂ ਦੀਆਂ ਅੱਖਾਂ ਨਮ ਹੋ ਗਈਆਂ। ਉਥੇ ਹੀ ਕਲਾ ਭਵਨ ਦੀ ਸਟੇਜ ’ਤੇ ਹੋਈਆਂ ਲੋਕ-ਗੀਤ ਅਤੇ ਫ਼ੋਕ ਆਰਕੈਸਟਰਾ ਦੀਆਂ ਪੇਸ਼ਕਾਰੀਆਂ ਨੇ ਵੀ ਨਿਵੇਕਲੇ ਰੰਗ ਬਿਖੇਰਦਿਆਂ ਆਨੰਦਮਈ ਹੋਏ ਦਰਸ਼ਕ ਝੂਮਣ ਲਾ ਦਿੱਤੇ। ਇਸ ਯੁਵਕ ਮੇਲੇ ਦੌਰਾਨ ਇਕਾਂਗੀ, ਮਿਮਿੱਕਰੀ, ਲੋਕ-ਗੀਤ, ਫ਼ੋਕ-ਆਰਕੈਸਟਰਾ, ਸ਼ਾਸਤਰੀ ਸੰਗੀਤ ਵਾਦਨ (ਤਾਲ), ਸ਼ਾਸ਼ਤਰੀ ਸੰਗੀਤ ਵਾਦਨ (ਸਵਰ), ਰੰਗੋਲੀ, ਕਲੇਅ ਮਾਡਲਿੰਗ, ਚਿੱਤਰਕਾਰੀ, ਫ਼ੋਟੋਗਰਾਫ਼ੀ, ਪੋਸਟਰ ਮੇਕਿੰਗ, ਕਾਰਟੂਨਿੰਗ, ਕੋਲਾਜ ਬਣਾਉਣਾ, ਇੰਸਟਾਲੇਸ਼ਨ ਅਤੇ ਮਹਿੰਦੀ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਅੱਜ ਦੇ ਮੁੱਖ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਰਜਿਸਟਾਰ ਡਾ. ਸੰਜੀਵ ਪੁਰੀ ਨੇ ਕਿਹਾ ਕਿ ਆਪਣੀ ਗੁਣਵੱਤਾ ਲਈ ਜਾਣੇ ਜਾਂਦੇ ਪੰਜਾਬੀ ਯੂਨੀਵਰਸਿਟੀ ਦੇ ਯੁਵਕ ਮੇਲਿਆਂ ਦੇ ਪ੍ਰਬੰਧਨ ਅਤੇ ਆਯੋਜਨ ਨੂੰ ਹੋਰ ਬਿਹਤਰ ਬਣਾਉਣ ਲਈ ਲਗਾਤਾਰ ਕਦਮ ਚੁੱਕੇ ਜਾ ਰਹੇ ਹਨ। ਮੇਜਬਾਨ ‘ਯੁਵਕ ਭਲਾਈ ਵਿਭਾਗ’ ਦੇ ਡਾਇਰੈਕਟਰ ਰਹਿ ਚੁੱਕੇ ਪ੍ਰਸਿੱਧ ਅਦਾਕਾਰ ਡਾ. ਸੁਨੀਤਾ ਧੀਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਵਿਦਿਆਰਥੀਆਂ ਨੂੰ ਯੁਵਕ ਮੇਲਿਆਂ ਨਾਲ ਜੁੜੇ ਰਹਿਣ ਦਾ ਸੱਦਾ ਦਿੱਤਾ।
ਮੇਲੇ ਦੌਰਾਨ ਗੈਸਟ ਫੈਕਲਟੀ ਪ੍ਰੋਫੈਸਰਾਂ ਵੱਲੋਂ ਪ੍ਰਦਰਸ਼ਨ
ਤਨਖਾਹ ’ਚ ਵਾਧੇ ਦੀ ਮੰਗ ਨੂੰ ਲੈ ਕੇ ਇੱਕ ਮਹੀਨੇ ਤੋਂ ਡੀਨ ਅਕਾਦਮਿਕ ਦੇ ਦਫਤਰ ਮੂਹਰੇ ਧਰਨਾ ਦਿੰਦੇ ਆ ਰਹੇ ਪੰਜਾਬੀ ਯੂਨੀਵਰਸਿਟੀ ਦੇ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਨੇ ਯੁਵਕ ਮੇਲੇ ਦੌਰਾਨ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ‘ਗੁਰੂ ਤੇਗ ਬਹਾਦਰ ਹਾਲ’ ਦੇ ਬਾਹਰ ਧਰਨਾ ਦੇਣ ਮਗਰੋਂ ਮੈਨੇਜਮੈਂਟ ਦਾ ਪੁਤਲਾ ਵੀ ਫੂਕਿਆ। ਕੈਂਪਸ ’ਚ ਇਨ੍ਹਾਂ ਦੀ ਗਿਣਤੀ ਸੌ ਦੇ ਕਰੀਬ ਹੈ, ਜੋ 57700 ਰੁਪਏ ਤਨਖਾਹ ਕਰਨ ਦੀ ਮੰਗ ਕਰ ਰਹੇ ਹਨ। ਅਧਿਆਪਕ ਆਗੂਆਂ ਅਮਰਜੀਤ ਸਿੰਘ, ਵਰਿੰਦਰ ਸਿੰਘ ਤੇ ਸਰਬਜੀਤ ਕੌਰ ਦਾ ਕਹਿਣਾ ਸੀ ਕਿ ਉਨ੍ਹਾ ਸਾਰਿਆਂ ਨੂੰ 8 ਮਹੀਨੇ 35000 ਤੇ ਚਾਰ ਮਹੀਨੇ 20000 ਰੁਪਏ ਤਨਖਾਹ ਦਿਤੀ ਜਾਂਦੀ ਹੈ, ਜੋ ਵਿੱਤੀ ਸ਼ੋਸਣ ਹੈ।
ਥੀਏਟਰ ਫੈਸਟੀਵਲ: ਦਿੱਲੀ ਦੇ ਕਲਾਕਾਰਾਂ ਨੇ ਨਾਟਕ ‘ਬੁੱਢਾ ਮਰ ਗਿਆ’ ਖੇਡਿਆ
ਪਟਿਆਲਾ (ਗੁਰਨਾਮ ਸਿੰਘ ਅਕੀਦਾ):
ਕਲਾਕ੍ਰਿਤੀ ਪਟਿਆਲਾ ਅਤੇ ਐੱਸਡੀਵੀਸੀਟੀ ਪਟਿਆਲਾ ਵੱਲੋਂ ਉੱਤਰੀ ਖੇਤਰੀ ਸਭਿਆਚਾਰਕ ਕੇਂਦਰ ਪਟਿਆਲਾ ਦੇ ਸਹਿਯੋਗ ਨਾਲ ਵਿਰਸਾ ਵਿਹਾਰ ਕੇਂਦਰ ਦੇ ਕਾਲੀਦਾਸ ਆਡੀਟੋਰੀਅਮ ਵਿੱਚ 7 ਰੋਜ਼ਾ ਫੈਸਟੀਵਲ ਦੇ ਦੂਜੇ ਦਿਨ ਦਾ ਉਦਘਾਟਨ ਐੱਮਪੀ ਡਾ. ਧਰਮਵੀਰ ਗਾਂਧੀ ਨੇ ਕੀਤਾ। ਅੱਜ ਚਰਚਾ ਵਿਚ ਰਿਹਾ ਮਨੋਜ ਮਿੱਤਰਾ ਵਲੋਂ ਲਿਖਿਆ ਕਾਮੇਡੀ ਨਾਟਕ ‘ਬੁੱਢਾ ਮਰ ਗਿਆ’ ਦੀ ਸਫਲ ਪੇਸ਼ਕਾਰੀ ਨੇ ਦਰਸ਼ਕਾਂ ਨੂੰ ਖੂਬ ਹਸਾਇਆ। ਬੰਗਾਲੀ ਕਾਮੇਡੀ ਨਾਟਕ ਦਾ ਹਿੰਦੀ ਵਿੱਚ ਅਨੁਵਾਦ ਸੰਤੋਵਨਾ ਨਿਗਮ ਦੁਆਰਾ ਕੀਤਾ ਗਿਆ ਸੀ ਅਤੇ ਦਿਨੇਸ਼ ਅਹਲਾਵਤ ਦੁਆਰਾ ਨਿਰਦੇਸ਼ਤ ਕੀਤਾ ਗਿਆ ਸੀ। ਸਮਾਗਮ ਵਿੱਚ ਮੁੱਖ ਮਹਿਮਾਨਾਂ ਦੇ ਪੈਨਲ ਵਿੱਚ ਡਾ. ਧਰਮਵੀਰ ਗਾਂਧੀ, ਮੈਂਬਰ ਪਾਰਲੀਮੈਂਟ, ਦੀਪਕ ਕੰਪਾਨੀ, ਪ੍ਰਧਾਨ ਆਰਜੀਐਮਸੀ ਅਤੇ ਅਕਸ਼ੈ ਗੋਪਾਲ ਅਤੇ ਉਨ੍ਹਾਂ ਦੀ ਪਤਨੀ ਮਾਲਾ ਅਕਸ਼ੇ ਐਮਡੀ, ਹੋਟਲ ਫਲਾਈਓਵਰ ਕਲਾਸਿਕ ਸ਼ਾਮਲ ਸਨ।