ਖੇਤਰੀ ਪ੍ਰਤੀਨਿਧ
ਪਟਿਆਲਾ, 14 ਨਵੰਬਰ
ਪੰਜਾਬੀ ਯੂਨੀਵਰਸਿਟੀ ਦੇ ਚਾਰ ਰੋਜ਼ਾ ਅੰਤਰ ਖੇਤਰੀ ਯੁਵਕ ਮੇਲੇ ਦਾ ਦੂਜਾ ਦਿਨ ਗਿੱਧੇ ਦੀ ਧਮਾਲ ਨਾਲ਼ ਸ਼ੁਰੂ ਹੋਇਆ। ਗਿੱਧੇ ਦੀ ਇਹ ਟਾਈਟਮ ਗੁਰੂ ਤੇਗ ਬਹਾਦਾਰ ਹਾਲ ਵਿਖੇ ਹੋਈ। ਇਸ ਤੋਂ ਇਲਾਵਾ ਹੋਰਨਾਂ ਥਾਵਾਂ ’ਤੇ ਹੋਈਆਂ ਆਈਟਮਾਂ ਵੀ ਖਿੱਚ ਦਾ ਕੇਂਦਰ ਰਹੀਆਂ। ਦੂਜੇ ਦਿਨ ਇਸ ਮੇਲੇ ਦਾ ਸ਼ਿੰਗਾਰ ਰਹੀਆਂ ਆਈਟਮਾਂ ਵਿਚ ਪਹਿਰਾਵਾ ਪ੍ਰਦਰਸ਼ਨੀ, ਰਵਾਇਤੀ ਲੋਕ-ਗੀਤ, ਪੱਛਮੀ ਸੋਲੋ ਗਾਇਨ, ਪੱਛਮੀ ਸਾਜ਼ ਸੋਲੋ, ਪੱਛਮੀ ਸਮੂਹ ਗਾਇਨ, ਵਾਦ ਵਿਵਾਦ, ਭਾਸ਼ਨ ਕਲਾ, ਕਾਵਿ ਉੁਚਾਰਣ, ਪੰਜਾਬੀ ਲੋਕਧਾਰਾ, ਸੱਭਿਆਚਾਰ ’ਤੇ ਆਧਾਰਿਤ ਲਘੂ ਫਿਲਮ, ਭੰਡ, ਨੁੱਕੜ ਨਾਟਕ, ਕਢਾਈ, ਪੱਖੀ ਬੁਣਨਾ, ਨਾਲਾ ਬੁਣਨਾ, ਕਰੋਸ਼ੀਏ ਦੀ ਬੁਣਤੀ, ਪਰਾਂਦਾ ਬੁਣਾਈ, ਗੁੱਡੀਆਂ ਪਟੋ੍ਹਲੇ ਬਣਾਉਣਾ, ਰੱਸਾ ਵਟਾਈ, ਛਿੱਕੂ ਬਣਾਈ, ਟੋਕਰੀ ਬਣਾਈ, ਪੀੜ੍ਹੀ ਦੀ ਬੁਣਾਈ, ਮਿੱਟੀ ਦੇ ਖਿਡੌਣੇ ਬਣਾਉਣਾ ਆਦਿ ਆਈਟਮਾਂ ਸ਼ਾਮਲ ਰਹੀਆਂ। ਅੱਜ ਦੂਸਰੇ ਦਿਨ ਇਥੇ ਪਹੁੰਚੇ ਪੰਜਾਬ ਕਲਾ ਪ੍ਰੀਸ਼ਦ ਦੇ ਉਪ ਪ੍ਰਧਾਨ ਡਾ. ਯੋਗਰਾਜ ਨੇ ਪੰਜਾਬੀ ਯੂਨੀਵਰਸਿਟੀ ਦੇ ਇਸ ਉਦਮ ਨੂੰ ਵਿਦਿਆਰਥੀਆਂ ਲਈ ਲਾਹੇਵੰਦ ਦੱਸਿਆ। ਗਿੱਧੇ ਵਿਚ ਸ਼੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਅਨੰਦਪੁਰ ਸਾਹਿਬ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।। ਐਸ.ਡੀ. ਕਾਲਜ ਬਰਨਾਲਾ ਦੂਜੇ ਅਤੇ ਖਾਲਸਾ ਕਾਲਜ ਪਟਿਆਲਾ ਤੀਜਾ ਸਥਾਨ ’ਤੇ ਰਿਹਾ।