ਖੇਤਰੀ ਪ੍ਰਤੀਨਿਧ
ਪਟਿਆਲਾ, 2 ਦਸੰਬਰ
ਪੰਜਾਬੀ ਯੂਨੀਵਰਸਿਟੀ ਦੇ ਕੰਪਿਊਟਰ ਸਾਇੰਸ ਅਤੇ ਇੰਜੀਨੀਅਰਿੰਗ ਵਿਭਾਗ ਵੱਲੋਂ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ ਦੇ ਵਿਸ਼ੇ ’ਤੇ ਦੋ ਰੋਜ਼ਾ ਅੰਤਰਰਾਸ਼ਟਰੀ ਕਾਨਫਰੰਸ ਕਰਵਾਈ ਜਾ ਰਹੀ ਹੈ। ਕਾਨਫਰੰਸ ’ਚ ਮੁੱਖ ਮਹਿਮਾਨ ਵਜੋਂ ਪੁੱਜੇ ਸੀਐੱਸਆਈਆਰ ਦੇ ਡਾਇਰੈਕਟਰ ਡਾ. ਸੁਬਰਾਮਨੀਅਮ ਏ. ਰਾਮਾਕ੍ਰਿਸ਼ਨ ਨੇ ਆਉਣ ਵਾਲੇ ਸਮੇਂ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਸਮਾਂ ਦੱਸਿਆ। ਇਸ ਮੌਕੇ ਵੀਸੀ ਪ੍ਰੋਫੈਸਰ ਡਾ. ਅਰਵਿੰਦ ਨੇ ਕਿਹਾ ਕਿ ਜਦੋਂ ਪੂਰੀ ਦੁਨੀਆਂ ਕੋਵਿਡ- 19 ਦੇ ਖ਼ਤਰੇ ਨਾਲ ਜੂਝ ਰਹੀ ਹੈ ਤਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਵਰਗੀਆਂ ਤਕਨੀਕਾਂ ਭਵਿੱਖ ਵਿੱਚ ਮੈਡੀਕਲ ਖੇਤਰ ਵਿੱਚ ਰਿਸਰਚ ਦਾ ਰਾਹ ਸੌਖਾਲਾ ਕਰ ਸਕਦੀਆਂ ਹਨ। ਕਾਨਫਰੰਸ ਦੇ ਕਨਵੀਨਰ ਅਤੇ ਵਿਭਾਗ ਦੇ ਮੁਖੀ ਡਾ. ਰਮਨ ਮੈਣੀ ਨੇ ਦੱਸਿਆ ਕਿ ਅਜੋਕੇ ਸਮੇਂ ਵਿੱਚ ਤਕਨਾਲੋਜੀ ਵਿਸ਼ਵ ਦੇ ਹਰ ਖੇਤਰ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਅ ਰਹੀ ਹੈ। ਇਸ ਮੌਕੇ ਡੀਨ (ਅਕਾਦਮਿਕ ਮਾਮਲੇ) ਪ੍ਰੋਫੈਸਰ ਬੀ.ਐੱਸ. ਸੰਧੂ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਧਦੀ ਮਹੱਤਤਾ ਬਾਰੇ ਚਾਨਣਾ ਪਾਇਆ। ਇਸ ਉਦਘਾਟਨੀ ਸਮਾਗਮ ਡਾ. ਵਿਨਸੇਨਜਿਓ ਪਿਊਰੀ ਅਤੇ ਯੂਨੀਵਰਸਿਟੀ ਆਫ਼ ਕਲੇਗਨਫੇਰਤ ਆਸਟਰੀਆ ਤੋਂ ਡਾ. ਰਾਡੂ ਪ੍ਰੋਡਾਨ ’ਤੇ ਆਨਲਾਈਨ ਵਿਧੀ ਰਾਹੀਂ ਸ਼ਾਮਲ ਹੋਏ।
ਕਾਨਫਰੰਸ ਵਿੱਚ ਦੂਜਾ ਕੁੰਜੀਵਤ ਭਾਸ਼ਣ ਦਿੰਦਿਆਂ ਡਾ. ਰਾਡੂ ਨੇ ਵਧਦੇ ਮੋਬਾਈਲ ਯੂਜ਼ਰਾਂ ਅਤੇ ਆਉਣ ਵਾਲੇ ਸਮੇਂ ਵਿੱਚ ਲੋੜ ਪੈਣ ਵਾਲੀ ਪੈਰਲਲ ਕੰਪਿਊਟਿੰਗ ਤੇ ਲੋੜੀਂਦੇ ਢਾਂਚੇ ਬਾਰੇ ਗੱਲ ਕੀਤੀ। ਕਾਨਫਰੰਸ ਦੇ ਆਰਗੇਨਾਈਜ਼ਿੰਗ ਸਕੱਤਰ ਡਾ. ਅਭਿਨਵ ਭੰਡਾਰੀ ਅਤੇ ਇੰਜ. ਗੌਰਵ ਦੀਪ ਨੇ ਦੱਸਿਆ ਕਿ ਅਮਰੀਕਾ, ਆਸਟਰੇਲੀਆ, ਕੈਨੇਡਾ, ਵੀਅਤਨਾਮ ਅਤੇ ਯੂਰਪ ਦੇ ਕਈ ਦੇਸ਼ਾਂ ਦੀਆਂ ਯੂਨੀਵਰਸਿਟੀਆਂ ਦੇ ਸੀਨੀਅਰ ਪ੍ਰੋਫੈਸਰ ਵੀ ਕਾਨਫਰੰਸ ਦੇ ਸਲਾਹਕਾਰ ਬੋਰਡ ਅਤੇ ਪ੍ਰੋਗਰਾਮ ਕਮੇਟੀ ਵਿੱਚ ਸ਼ਾਮਲ ਹਨ। ਡਾ. ਨਵਦੀਪ ਕੰਵਲ ਨੇ ਮੰਚ ਸੰਚਾਲਨ ਕੀਤਾ। ਪ੍ਰੋਫੈਸਰ ਚਰਨਜੀਵ ਸਿੰਘ, ਪ੍ਰੋਫੈਸਰ ਗੁਰਪ੍ਰੀਤ ਸਿੰਘ ਅਤੇ ਇੰਜ. ਜਸ਼ਨਪ੍ਰੀਤ ਸਿੰਘ ਤੂਰ ਵੀ ਮੁੱਖ ਭੂਮਿਕਾ ਨਿਭਾ ਰਹੇ ਹਨ। ਡਾ. ਲਖਵਿੰਦਰ ਕੌਰ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ।