ਪੱਤਰ ਪ੍ਰੇਰਕ
ਰਾਜਪੁਰਾ, 1 ਅਕਤੂਬਰ
ਇਥੋਂ ਦੇ ਸੀਨੀਅਰ ਸਿਟੀਜ਼ਨ ਕੌਂਸਲ ਭਵਨ ਵਿੱਚ ਕੌਮਾਂਤਰੀ ਸੀਨੀਅਰ ਸਿਟੀਜ਼ਨ ਦਿਵਸ ਮੌਕੇ ਕੌਂਸਲ ਦੇ ਪ੍ਰਧਾਨ ਬਲਦੇਵ ਸਿੰਘ ਖੁਰਾਣਾ, ਸਕੱਤਰ ਜਨਰਲ ਰਤਨ ਸ਼ਰਮਾ ਅਤੇ ਜਨਰਲ ਸਕੱਤਰ ਰਮੇਸ਼ ਗੁਪਤਾ ਦੀ ਅਗਵਾਈ ਹੇਠ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਐੱਸਡੀਐੱਮ ਰਾਜਪੁਰਾ ਡਾ. ਸੰਜੀਵ ਕੁਮਾਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦੋਂ ਕਿ ਜ਼ਿਲ੍ਹਾ ਲੋਕ ਭਲਾਈ ਦੇ ਸੁਪਰਡੈਂਟ ਪਰਵਿੰਦਰ ਕੌਰ ਅਤੇ ਫਤਹਿਗੜ੍ਹ ਸਾਹਿਬ ਤੋਂ ਇੰਦਰਜੀਤ ਕੌਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਸਮਾਰੋਹ ਦੌਰਾਨ ਐੱਸਡੀਐੱਮ ਸੰਜੀਵ ਕੁਮਾਰ, ਪ੍ਰਧਾਨ ਬਲਦੇਵ ਸਿੰਘ ਖੁਰਾਣਾ ਅਤੇ ਰਤਨ ਸ਼ਰਮਾ ਵੱਲੋਂ 90 ਸਾਲ ਤੋਂ ਵੱਧ ਉਮਰ ਵਾਲੇ ਤਿੰਨ ਬਜ਼ੁਰਗਾਂ, ਸਿੱਖਿਆ ਸਾਸ਼ਤਰੀ ਧਰਮਪਾਲ ਵਰਮਾ, ਵਿੱਦਿਆ ਰਤਨ ਆਰੀਆ, ਮਾਤਾ ਲਾਜਵੰਤੀ ਅਤੇ 80 ਸਾਲ ਤੋਂ ਵਡੇਰੀ ਉਮਰ ਦੇ ਸੱਤ ਬਜ਼ੁਰਗਾਂ ਕ੍ਰਿਸ਼ਨ ਚੰਦ ਕਵਾਤਰਾ, ਤਰਲੋਚਨ ਸਿੰਘ, ਇੰਦਰਜੀਤ ਸਿੰਘ, ਸੁੰਦਰ ਦਾਸ ਗਰੋਵਰ, ਅਰਜਨ ਦਾਸ ਨਾਗਪਾਲ, ਸਤਪਾਲ ਬਾਂਸਲ ਅਤੇ ਮਾਧੋ ਪਰਸਾਦ ਲਖੋਟੀਆ ਨੂੰ ਸਨਮਾਨਿਆ ਗਿਆ।
ਧੂਰੀ (ਨਿੱਜੀ ਪੱਤਰ ਪ੍ਰੇਰਕ): ਸੀਨੀਅਰ ਸਿਟੀਜ਼ਨ ਵੈੱਲਫੇਅਰ ਐਸੋਸੀਏਸ਼ਨ ਧੂਰੀ ਵੱਲੋਂ ਪ੍ਰਧਾਨ ਜਗਦੀਸ਼ ਸ਼ਰਮਾ ਦੀ ਅਗਵਾਈ ਹੇਠ ਕੌਮਾਂਤਰੀ ਸੀਨੀਅਰ ਸਿਟੀਜ਼ਨ ਦਿਹਾੜਾ ਬਾਰੂਮੱਲ ਦੀ ਧਰਮਸ਼ਾਲਾ ਵਿੱਚ ਮਨਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਰਾਇਸੀਲਾ ਫੂਡਜ਼ ਦੇ ਸੀਐੱਮਡੀ ਡਾ ਏਆਰ ਸ਼ਰਮਾ ਸਨ ਅਤੇ ਪ੍ਰਧਾਨਗੀ ਅਸ਼ੋਕ ਕੁਮਾਰ ਲੱਖਾ ਚੇਅਰਮੈਨ ਪੰਜਾਬ ਗਊ ਸੇਵਾ ਕਮਿਸ਼ਨ ਨੇ ਕੀਤੀ। ਸਮਾਗਮ ਵਿੱਚ ਮਨਜੀਤ ਸਿੰਘ ਬਖਸ਼ੀ ਸਾਬਕਾ ਡੀਪੀਆਰਓ, ਸੁਰਿੰਦਰ ਸ਼ਰਮਾ ਨਾਗਰਾ, ਗਿਰਧਾਰੀ ਲਾਲ, ਜਗਦੇਵ ਸ਼ਰਮਾ ਬੁਗਰਾ, ਹਰਜਿੰਦਰ ਸਿੰਘ ਢੀਂਡਸਾ ਤੇ ਪ੍ਰੇਮ ਸਿੰਘ ਨੇ ਸਰਕਾਰ ਵੱਲੋਂ ਬਜ਼ੁਰਗਾਂ ਦੀ ਦੇਖ-ਰੇਖ ਸੰਭਾਲ ਅਤੇ ਸੁਰੱਖਿਆ ਲਈ ਬਣਾਏ ਐਕਟ 2007 ਤੇ 2012 ਵਿੱਚ ਦਰਜ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ। ਡਾ. ਏ.ਆਰ. ਸ਼ਰਮਾ ਨੇ ਬਜ਼ੁਰਗਾਂ ਨੂੰ ਛਾਂਦਾਰ ਰੁੱਖ ਤੇ ਘਰ ਦੇ ਪਹਿਰੇਦਾਰ ਦੱਸਦਿਆਂ ਕਿਹਾ ਕਿ ਬਜ਼ੁਰਗਾਂ ਤੋਂ ਬਿਨਾਂ ਸਮਾਜ ਵਿੱਚ ਤਰੱਕੀ ਤੇ ਖੁਸ਼ਹਾਲੀ ਸੰਭਵ ਨਹੀਂ ਹੋ ਸਕਦੀ। ਸਮਾਗਮ ਵਿੱਚ 80 ਸਾਲ ਪਾਰ ਕਰ ਚੁੱਕੇ ਦਰਜਨ ਦੇ ਲਗਪਗ ਬਜ਼ੁਰਗਾਂ ਦਾ ਸਨਮਾਨ ਕੀਤਾ ਗਿਆ।
ਪਟਿਆਲਾ ਜ਼ਿਲ੍ਹੇ ਦੇ ਸੌ ਸਾਲ ਤੋਂ ਵੱਧ ਉਮਰ ਦੇ ਵੋਟਰਾਂ ਦਾ ਸਨਮਾਨ
ਪਟਿਆਲਾ (ਖੇਤਰੀ ਪ੍ਰਤੀਨਿਧ): ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਦੀ ਅਗਵਾਈ ਹੇਠ ਜ਼ਿਲ੍ਹਾ ਚੋਣ ਦਫ਼ਤਰ ਅਤੇ ਸਵੀਪ ਟੀਮ ਵੱਲੋਂ ਕੌਮਾਂਤਰੀ ਬਜ਼ੁਰਗ ਦਿਵਸ ਮੌਕੇ 100 ਸਾਲ ਤੋਂ ਵਡੇਰੀ ਉਮਰ ਵਾਲੇ ਵੋਟਰਾਂ ਨੂੰ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਦੇ ਦਸਤਖਤਾਂ ਵਾਲੇ ਸਨਮਾਨ ਪੱਤਰ ਵੰਡੇ ਗਏ। ਜ਼ਿਲ੍ਹਾ ਨੋਡਲ ਅਫ਼ਸਰ ਸਵੀਪ ਪ੍ਰੋ. ਗੁਰਬਖਸ਼ੀਸ਼ ਸਿੰਘ ਅੰਟਾਲ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਵਿੱਚ ਕੁੱਲ 494 ਵੋਟਰ ਅਜਿਹੇ ਹਨ, ਜਿਨ੍ਹਾਂ ਦੀ ਉਮਰ 100 ਸਾਲ ਤੋਂ ਵਧੇਰੇ ਹੈ। ਇਨ੍ਹਾਂ ਵਿੱਚੋਂ ਸਭ ਤੋਂ ਵੱਧ, 97 ਵਡੇਰੇ ਵੋਟਰ ਵਿਧਾਨ ਸਭਾ ਹਲਕਾ ਪਟਿਆਲਾ ਦਿਹਾਤੀ ਵਿੱਚ ਹਨ, ਜਦਕਿ ਸਮਾਣਾ 75, ਸਨੌਰ 70, ਸ਼ੁਤਰਾਣਾ ਵਿਚ 63, ਨਾਭਾ ਵਿਚ 60, ਪਟਿਆਲਾ 46, ਘਨੌਰ 45 ਤੇ ਰਾਜਪੁਰਾ ਹਲਕੇ ਵਿਚ 38 ਬਜ਼ੁਰਗ ਵੋਟਰ ਹਨ।
ਬਜ਼ੁਰਗਾਂ ਦੀ ਮਹੱਤਤਾ ’ਤੇ ਚਰਚਾ
ਸੁਨਾਮ ਊਧਮ ਸਿੰਘ ਵਾਲਾ (ਪੱਤਰ ਪ੍ਰੇਰਕ): ਸੀਨੀਅਰ ਸਿਟੀਜ਼ਨ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਸੰਸਥਾ ਦੇ ਪ੍ਰਧਾਨ ਪ੍ਰੇਮ ਚੰਦ ਅਗਰਵਾਲ ਦੀ ਪ੍ਰਧਾਨਗੀ ਹੇਠ ਸੀਨੀਅਰ ਸਿਟੀਜ਼ਨ ਦਿਵਸ ਮਨਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਡੀਐੱਸਪੀ ਭਰਪੂਰ ਸਿੰਘ ਤੇ ਇੰਸਪੈਕਟਰ ਸੁਖਦੇਵ ਸਿੰਘ ਸ਼ਾਮਲ ਹੋਏ। ਡਾ. ਅੰਕੂ ਜੈਨ ਐਮਡੀ (ਆਰਥੋ), ਡੀਸੀਪੀ ਬੈਂਕ ਦੇ ਸੀਨੀਅਰ ਮੈਨੇਜਰ ਜਿਓਤੀ ਵਦਵਾਨ, ਸਟੇਟ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਰਾਜ ਕੁਮਾਰ ਅਰੋੜਾ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ। ਇਸ ਮੌਕੇ ਸੰਸਥਾ ਦੇ ਆਹੁਦੇਦਾਰਾਂ ਵੱਲੋਂ ਪਿਛਲੇ ਸਮੇਂ ਵਿਚ ਕੀਤੀਆਂ ਗਈਆਂ ਸਮਾਜ ਸੇਵੀ ਗਤੀਵਿਧੀਆਂ ਬਾਰੇ ਚਾਨਣਾ ਪਾਇਆ। ਸਮਾਜ ਸੇਵੀ ਰਾਜ ਕੁਮਾਰ ਅਰੋੜਾ ਅਰੋੜਾ ਵੱਲੋਂ ਬਜ਼ੁਰਗ ਦਿਹਾੜੇ ਦੀ ਲੋੜ ਤੇ ਮਹੱਤਤਾ ਬਾਰੇ ਦੱਸਿਆ ਗਿਆ। ਇਸ ਮੌਕੇ ਸੰਸਥਾ ਦੇ ਸਲਾਹਕਾਰ ਗਿਆਨ ਚੰਦ ਗੁਪਤਾ, ਨਰੇਸ਼ ਸ਼ਰਮਾ, ਵੇਦ ਪ੍ਰਕਾਸ਼ ਹੋਡਲਾ, ਉਪ ਪ੍ਰਧਾਨ ਕਰਨਬੀਰ ਸਿੰਘ ਸੋਨੀ, ਮੁੱਖ ਸਲਾਹਕਾਰ ਰੁਪਿੰਦਰ ਭਾਰਦਵਾਜ, ਸਲਾਹਕਾਰ ਪਵਨ ਗੁਜਰਾਂ, ਵਿੱਤ ਸਕੱਤਰ ਰਬਿੰਦਰ ਸਿੰਘ ਦੁੱਗਲ ਹਾਜ਼ਰ ਸਨ।