ਸੁਭਾਸ਼ ਚੰਦਰ
ਸਮਾਣਾ, 23 ਫਰਵਰੀ
ਸਿਟੀ ਪੁਲੀਸ ਨੇ ਪੰਜਾਬ ਤੇ ਹਰਿਆਣਾ ’ਚ ਦਰਜ 14 ਅਪਰਾਧਿਕ ਮਾਮਲਿਆਂ ਦੇ ਦੋਸ਼ੀ ਅੰਤਰਰਾਜੀ ਭਗੌੜੇ ਮੁਲਜ਼ਮ ਨੂੰ ਕਾਬੂ ਕੀਤਾ ਹੈ। ਦੋਸ਼ੀ ਦੀ ਪਛਾਣ ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਜਸਵੀਰ ਸਿੰਘ ਵਾਸੀ ਪਿੰਡ ਖਾਨੇਵਾਲ (ਪਾਤੜਾਂ) ਵਜੋਂ ਹੋਈ। ਜਿਸ ਨੂੰ ਸਿਟੀ ਪੁਲੀਸ ਨੇ ਇਕ ਗੁਪਤ ਸੂਚਨਾ ਦੇ ਆਧਾਰ ’ਤੇ ਹਿਰਾਸਤ ਵਿੱਚ ਲਿਆ ਹੈ।
ਸਿਟੀ ਥਾਣਾ ਮੁਖੀ ਸਬ-ਇੰਸਪੈਕਟਰ ਸੁਰਿੰਦਰ ਭੱਲਾ ਨੇ ਦੱਸਿਆ ਕਿ ਮੱਝਾਂ ਚੋਰੀ ਕਰਨ ਦੇ ਮਾਮਲਿਆਂ ਵਿੱਚ ਇਸ ਮੁਲਜ਼ਮ ਖ਼ਿਲਾਫ਼ ਕਈ ਕੇਸ ਦਰਜ ਹਨ ਅਤੇ ਹੋਰ ਮਾਮਲਿਆਂ ’ਚ ਪੰਜਾਬ ਦੇ ਥਾਣਾ ਬਰੇਟਾ (ਮਾਨਸਾ), ਥਾਣਾ ਦਿੜਬਾ, ਥਾਣਾ ਅਹਿਮਦਗੜ੍ਹ ਤੇ ਥਾਣਾ ਧਰਮਗੜ੍ਹ (ਸੰਗਰੂਰ) ਤੇ ਥਾਣਾ ਸਹਿਣਾ, ਥਾਣਾ ਤਪਾ ਤੇ ਥਾਣਾ ਰੁੜਕਾਂ ਕਲਾਂ (ਬਰਨਾਲਾ) ’ਚ ਵੱਖ-ਵੱਖ ਧਾਰਾਵਾਂ ਤਹਿਤ 10 ਮਾਮਲਿਆਂ ’ਚੋਂ 3 ਮਾਮਲਿਆਂ ’ਚ ਅਦਾਲਤ ਵੱਲੋਂ ਭਗੋੜਾ ਸੀ ਜੋ ਦੋ ਹੋਰ ਅਪਰਾਧਿਕ ਮਾਮਲਿਆਂ ’ਚ ਲੋੜੀਂਦਾ ਸੀ। ਦੋਸ਼ੀ ਹਰਿਆਣਾ ਦੇ ਥਾਣਾ ਕਲਾਇਤ ਜ਼ਿਲ੍ਹਾ ਕੈਥਲ, ਥਾਣਾ ਮਧੂਬੰਨ ਜ਼ਿਲ੍ਹਾ ਕਰਨਾਲ, ਸਦਰ ਥਾਣਾ ਕੈਥਲ, ਭੂਨਾ ਥਾਣਾ ਜ਼ਿਲਾ ਫਤਿਆਬਾਦ ਪੁਲੀਸ ’ਚ ਦਰਜ ਚਾਰ ਮਾਮਲਿਆਂ ’ਚੋਂ ਅਦਾਲਤ ਵੱਲੋਂ ਇਕ ਮਾਮਲੇ ’ਚ ਭਗੌੜਾ ਤੇ ਦੋ ਮਾਮਲਿਆਂ ’ਚ ਪੁਲੀਸ ਨੂੰ ਲੋੜੀਂਦਾ ਸੀ। ਸਿਟੀ ਪੁਲੀਸ ਅਧਿਕਾਰੀ ਅਨੁਸਾਰ ਮੁਲਜ਼ਮ ਨੂੰ ਕਾਬੂ ਕਰਕੇ ਅਗਲੇਰੀ ਕਾਰਵਾਈ ਲਈ ਅਹਿਮਦੜ੍ਹ ਜ਼ਿਲ੍ਹਾ ਸੰਗਰੂਰ ਪੁਲੀਸ ਦੇ ਹਵਾਲੇ ਕਰ ਦਿੱਤਾ ਹੈ।