ਸਰਬਜੀਤ ਸਿੰਘ ਭੰਗੂ
ਪਟਿਆਲਾ, 9 ਨਵੰਬਰ
ਉੱਘੇ ਚਿੰਤਕ ਤੇ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਨੇ ਖੇਤੀ ਕਾਨੂੰਨਾਂ ਸਬੰਧੀ ਕੇਂਦਰ ਖ਼ਿਲਾਫ਼ ਲੜਾਈ ਲੜ ਰਹੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਮਾਲ ਗੱਡੀਆਂ ਨੂੰ ਖੁੱਲ੍ਹ ਦੇਣ ਮਗਰੋੋਂ ਹੁਣ ਮੁਸਾਫ਼ਿਰ ਗੱਡੀਆਂ ਦੀ ਆਵਾਜਾਈ ਦੀ ਖੁੱਲ੍ਹ ਦੇਣ ਦੇ ਮੁੱਦੇ ’ਤੇ ਵੀ ਸਿਆਣਪ ਨਾਲ ਵਿਚਾਰ ਕਰਨਾ ਚਾਹੀਦਾ ਹੈ।ਅੱਜ ਇਥੇ ਜਾਰੀ ਬਿਆਨ ਰਾਹੀਂ ਉਨ੍ਹਾਂ ਕਿਹਾ ਕਿ ਅਜਿਹੀ ਸੂਰਤ ’ਚ ਬਾਦਲ ਪਰਿਵਾਰ ਤੇ ਉਨ੍ਹਾਂ ਦੇ ਭਾਗੀਦਾਰਾਂ ਦੀ ਚਾਂਦੀ ਹੋ ਰਹੀ ਹੈ। ਪ੍ਰਾਈਵੇਟ ਟਰਾਂਸਪੋਰਟ ਅਪਰੇਟਰਾਂ ਵੱਲੋਂ ਲੋਕਾਂ ਦੀ ਖੁੱਲ੍ਹੀ ਲੁੱਟ ਕੀਤੀ ਜਾ ਰਹੀ ਹੈ। ਇਸੇ ਲਈ ਬਾਦਲ ਪਰਿਵਾਰ ਦੀ ਮੁਸਾਫ਼ਰ ਗੱਡੀਆਂ ਦੀ ਆਵਾਜਾਈ ਬੰਦ ਰੱਖਣ ਵਿੱਚ ਡਾਢੀ ਦਿਲਚਸਪੀ ਹੈ ਤੇ ਉਹ ਆਪਣੇ ਏਜੰਟਾਂ ਰਾਹੀਂ ਇਹ ਮਾਮਲਾ ਲਮਕਾ ਕੇ ਵਪਾਰਕ ਹਿਤਾਂ ਦੀ ਪੂਰਤੀ ਕਰਨਾ ਚਾਹੁੰਦੇ ਹਨ। ਕਿਉਂਕਿ ਪੰਜਾਬ ’ਚ ਇਸ ਵੇਲੇ ਸਾਰੇ ਕਮਾਊ ਰੂਟਾਂ ’ਤੇ ਬਾਦਲ ਪਰਿਵਾਰ ਕਾਬਜ਼ ਹੈ। ਜਿਨ੍ਹਾਂ ਦੇ ਬੱਸ ਬੇੜੇ ਦੀ ਗਿਣਤੀ ਇੱਕ ਹਜ਼ਾਰ ਬਣਦੀ ਹੈ।
ਉਨ੍ਹਾਂ ਦਾ ਤਰਕ ਸੀ ਕਿ ਕਿਸਾਨ ਜਥੇਬੰਦੀਆਂ ਨੂੰ ਇਸ ਸਾਰੇ ਮਾਮਲੇ ਦੇ ਗੁਪਤ ਸਰੋਕਾਰਾਂ ਦੇ ਏਜੰਡੇ ਨੂੰ ਬਰੀਕੀ ਨਾਲ ਸਮਝਣਾ ਚਾਹੀਦਾ ਹੈ ਕਿ ਇਹ ਫੈਸਲਾ ਲੋਕ ਪੱਖੀ ਘੱਟ ਹੈ, ਸਗੋਂ ਇਸ ਦਾ ਫਾਇਦਾ ਵੱਡੇ ਟਰਾਂਸਪੋਰਟਰਾਂ ਦੀ ਮੁਨਾਫ਼ਾਖੋਰ ਲਾਬੀ ਦੀ ਜੇਬ੍ਹ ’ਚ ਜਾ ਰਿਹਾ ਹੈ ਤੇ ਆਮ ਆਦਮੀ ਪਿਸ ਰਿਹਾ ਹੈ। ਇਸ ਲਈ ਕਿਸਾਨ ਅੰਦੋਲਨ ਨੂੰ ਅੱਗੇ ਤੋਰਦਿਆਂ, ਮੁਸਾਫ਼ਰ ਗੱਡੀਆਂ ਦੀ ਆਵਾਜਾਈ ਨੂੰ ਖੁੱਲ੍ਹ ਦੇਣ ’ਤੇ ਹਮਦਰਦੀ ਨਾਲ ਵਿਚਾਰ ਕਰਨਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਤੇ ਰੇਲ ਮੰਤਰੀ ਨੂੰ ਵੀ ਕਿਸਾਨਾਂ ਦੇ ਵਡੇਰੇ ਹਿਤਾਂ ’ਚ ਅੜੀਅਲ ਰਵੱਈਆ ਤਿਆਗ ਦੇਣਾ ਚਾਹੀਦਾ ਹੈ। ਕਿਸੇ ਵੀ ਲੋਕਤੰਤਰ ’ਚ ਅਜਿਹੇ ਵਿਦ੍ਰੋਹੀ ਤੇ ਲਚਕਹੀਣ, ਅੜੀਅਲ ਰਵੱਈਏ ਦੀ ਕੋਈ ਥਾਂ ਨਹੀਂ।
ਪ੍ਰਧਾਨ ਮੰਤਰੀ ਨੂੰ ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਲਈ, ਹੁਣੇ-ਹੁਣੇ ਸੰਪੰਨ ਹੋਈਆਂ ਚੋਣਾਂ ’ਚ ਟਰੰਪ ਦੀ ਹੱਠਧਰਮੀ ਦੀ ਹੋਈ ਹਾਰ ਤੋਂ ਸਬਕ ਸਿੱਖਣਾ ਚਾਹੀਦਾ ਹੈ। ਬਿਹਾਰ ਦੀਆਂ ਚੋਣਾਂ ਦੀਆਂ ਵੋਟਾਂ ਭੁਗਤ ਜਾਣ ਪਿੱਛੋਂ ਜੋ ਨਿਸ਼ਚਿਤ ਸੰਕੇਤਾਂ ਦੀ ਜਾਣਕਾਰੀ, ਮੀਡੀਏ ਰਾਹੀਂ ਲੋਕਾਂ ਤੱਕ ਅੱਪੜ ਰਹੀ ਹੈ, ਉਹ ਨਰਿੰਦਰ ਮੋਦੀ ਦੇ ਅੜੀਅਲ ਰਵੱਈਏ ਖ਼ਿਲਾਫ਼ ਲੋਕ-ਰੋਹ ਦਾ ਪੈਗਾਮ ਹੈ। ਇਸ ਲਈ ਮੋਦੀ ਤੇ ਸਾਥੀਆਂ ਨੂੰ ਕੰਧ ’ਤੇ ਲਿਖਿਆ ਪੜ੍ਹਦਿਆਂ, ਕਿਸਾਨਾਂ ਦੀ ਆਵਾਜ਼ ਅੱਗੇ ਸਿਰ ਝੁਕਾ ਕੇ ਕਿਸਾਨ ਵਿਰੋਧੀ ਕਾਨੂੰਨ ਰੱਦ ਕਰਨਾ ਚਾਹੀਦਾ ਹੈ।