ਖੇਤਰੀ ਪ੍ਰਤੀਨਿਧ
ਪਟਿਆਲਾ, 23 ਅਕਤੂਬਰ
ਪਟਿਆਲਾ ਦਿਹਾਤੀ ਦੇ ਵਿਧਾਇਕ ਡਾ. ਬਲਬੀਰ ਸਿੰਘ ਅਤੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਝੁੱਗੀ- ਝੌਂਪੜੀਆਂ ’ਚ ਰਹਿੰਦੇ ਬੱਚਿਆਂ ਦੀ ਭਲਾਈ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਰੰਭੇ ਵਿਸ਼ੇਸ਼ ਪ੍ਰਾਜੈਕਟ ‘ਮੇਰਾ ਬਚਪਨ’ ਤਹਿਤ ਮਜੀਠੀਆ ਐਨਕਲੇਵ ਦੇ ਪਾਰਕ-2 ਵਿੱਚ ਸੰਸਥਾ ‘ਮੇਰੀ ਆਵਾਜ਼ ਸੁਣੋ’ ਦੇ ਸਹਿਯੋਗ ਨਾਲ ਮਿਲਕੇ ਬੱਚਿਆਂ ਨਾਲ ਗਰੀਨ ਦੀਵਾਲੀ ਮਨਾਈ।
ਇਸ ਦੌਰਾਨ ਡੀ.ਸੀ. ਸਾਕਸ਼ੀ ਸਾਹਨੀ ਨੇ ਕਿਹਾ ਕਿ ਉਹ ਬੱਚੇ, ਜਿਹੜੇ ਕਿ ਲਾਈਟਾਂ ’ਤੇ ਖੜ੍ਹ ਕੇ ਕੁਝ ਵੇਚਦੇ ਹਨ ਜਾਂ ਭੀਖ ਮੰਗਦੇ ਹਨ, ਦੀ ਭਲਾਈ ਲਈ ਆਰੰਭੇ ’ਮੇਰਾ ਬਚਪਨ’ ਪ੍ਰਾਜੈਕਟ ਨਾਲ ਵੱਧ ਤੋਂ ਵੱਧ ਲੋਕ ਜੁੜਨ ਤਾਂ ਕਿ ਇਨ੍ਹਾਂ ਬੱਚਿਆਂ ਦਾ ਬਚਪਨ ਵਾਪਸ ਲਿਆਂਦਾ ਜਾ ਸਕੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅਜਿਹੇ ਬੱਚਿਆਂ ਲਈ ਬੇਕਰੀ, ਸਿਲਾਈ-ਕਢਾਈ ਆਦਿ ਦੇ ਕੋਰਸ ਕਰਵਾਉਣ ਤੋਂ ਇਲਾਵਾ ਇਨ੍ਹਾਂ ਦੀ ਮੁਢਲੀ ਪੜ੍ਹਾਈ ਸਮੇਤ ਚਾਹਵਾਨ ਬੱਚਿਆਂ ਦੀ ਅਗਲੇਰੀ ਪੜ੍ਹਾਈ ਕਰਵਾਈ ਜਾ ਰਹੀ ਹੈ।
ਇਸ ਮੌਕੇ ਗਰੀਨ ਦੀਵਾਲੀ ਦੇ 100 ਪੋਸਟਰ ਬਣਾਉਣ ’ਤੇ ਬੱਚਿਆਂ ਦਾ ਸਨਮਾਨ ਕੀਤਾ ਗਿਆ। ਡਿਪਟੀ ਕਮਿਸ਼ਨਰ ਨੇ ਬੱਚਿਆਂ ਦੀ ਹੌਸਲਾ-ਅਫ਼ਜ਼ਾਈ ਕਰਦੇ ਹੋਏ ਜ਼ਿੰਦਗੀ ਵਿੱਚ ਅੱਗੇ ਵਧਣ ਦੀ ਪ੍ਰੇਰਣਾ ਦਿੱਤੀ। ‘ਮੇਰੀ ਆਵਾਜ਼ ਸੁਣੋ’ ਸੰਸਥਾ ਦੇ ਮੁਖੀ ਗੁਰਨੀਰ ਸਾਹਨੀ ਨੇ ਸਾਰਿਆਂ ਦਾ ਧੰਨਵਾਦ ਕੀਤਾ।