ਖੇਤਰੀ ਪ੍ਰਤੀਨਿਧ
ਪਟਿਆਲਾ, 24 ਫਰਵਰੀ
ਪੰਜਾਬੀ ਯੂਨੀਵਰਸਿਟੀ ਵਿੱਚ ਵਿਗਿਆਨ ਹਫ਼ਤੇ ਦੇ ਹਵਾਲੇ ਨਾਲ ਚੱਲ ਰਹੇ ਪ੍ਰੋਗਰਾਮਾਂ ਵਿੱਚ ਹੋ ਰਹੀਆਂ ਸਰਗਰਮੀਆਂ ਨਾਲ ਸਬੰਧਤ ਆਪਣਾ ਚਾਰ ਰੋਜ਼ਾ ਨਿਊਜ਼-ਲੈਟਰ ਜਾਰੀ ਕੀਤਾ ਗਿਆ। ਅੰਗਰੇਜ਼ੀ ਵਿੱਚ ‘ਸਾਇੰਸ ਵੀਕ ਕਰੋਨੀਕਲ’ ਅਤੇ ਪੰਜਾਬੀ ਵਿੱਚ ‘ਵਿਗਿਆਨ ਹਫ਼ਤਾ ਰੋਜ਼ਨਾਮਚਾ’ ਨਾਮੀ ਇਸ ਨਿਊਜ਼ ਲੈਟਰ ਨੂੰ ਵਾਈਸ ਚਾਂਸਲਰ ਪ੍ਰੋ. ਅਰਵਿੰਦ ਅਤੇ ਵਿਗਿਆਨ ਵਿਸ਼ੇ ਨਾਲ ਸਬੰਧਤ ਡੀਨ ਤੇ ਫ਼ੈਕਲਟੀ ਵੱਲੋਂ ਲੋਕ ਅਰਪਣ ਕੀਤਾ ਗਿਆ।
ਇਸ ਦੌਰਾਨ ਐਜੂਕੇਸ਼ਨਲ ਮਲਟੀ ਮੀਡੀਆ ਰਿਸਰਚ ਸੈਂਟਰ ਦੇ ਡਾਇਰੈਕਟਰ ਦਲਜੀਤ ਅਮੀ ਦੀ ਸੰਪਾਦਨਾ ਹੇਠਲੇ ਇਸ ਨਿਊਜ਼ ਲੈਟਰ ’ਚ 10 ਵਿਭਾਗਾਂ ਦੇ ਵਿਦਿਆਰਥੀਆਂ ਦੀ ਟੀਮ ਨੇ ਯੋਗਦਾਨ ਪਾਇਆ।
ਇਸ ਮੌਕੇ ਡਾਇਰੈਕਟਰ ਦਲਜੀਤ ਅਮੀ ਨੇ ਕਿਹਾ ਕਿ ਇਸ ਕਿਸਮ ਦੀ ਸਰਗਰਮੀ ਯੂਨੀਵਰਸਿਟੀ ਜਿਹੀ ਥਾਂ ਨੂੰ ਇਸ ਦੇ ਆਪਣੇ ਬੁਨਿਆਦੀ ਮਕਸਦ ਨਾਲ ਜੋੜਦੀ ਹੈ। ਇਸ ਨਾਲ ਵਿਦਿਆਰਥੀਆਂ ਵਿੱਚ ਆਪਸੀ ਸੰਵਾਦ ਵਧਦਾ ਹੈ।
ਵਿਗਿਆਨ ਹਫ਼ਤੇ ਸਬੰਧੀ ਪ੍ਰੋਗਰਾਮਾਂ ਦੇ ਕੋਆਰਡੀਨੇਟਰ ਡਾ. ਬਲਵਿੰਦਰ ਸਿੰਘ ਸੂਚ ਨੇ ਦੱਸਿਆ ਕਿ ਦੂਜੇ ਦਿਨ ਡਾ. ਜਗਬੀਰ ਸਿੰਘ ਨੇ ਪੰਜਾਬੀ ਔਰਤਾਂ ਦੀ ਵਿਗਿਆਨ ਵਿੱਚ ਭੂਮਿਕਾ ਵਿਸ਼ੇ ਉੱਤੇ ਸੰਵਾਦ ਰਚਾਇਆ ਗਿਆ ਜਦੋਂ ਕਿ ਡਾ. ਕੁਲਦੀਪ ਕੌਰ ਵੱਲੋਂ ਪੰਜਾਬ ਦੇ ਪ੍ਰਸਿੱਧ ਵਿਗਿਆਨੀਆਂ ਦੀ ਗੱਲ ਕੀਤੀ ਗਈ। ‘ਪੰਜਾਬ ਦਾ ਵਣ-ਤ੍ਰਿਣ-ਜੀਵ-ਜੰਤ ਸੰਤੁਲਨ ਮੁੜ-ਬਹਾਲੀ ਕੇਂਦਰ’ ਅਤੇ ‘ਪੇਂਡੂ ਕਾਰੋਬਾਰੀ ਪਹਿਲਕਦਮੀ ਤੇ ਹੁਨਰ ਵਿਕਾਸ ਕੇਂਦਰ’ ਵੱਲੋਂ ਲਗਾਈਆਂ ਗਈਆਂ ਪ੍ਰਦਰਸ਼ਨੀਆਂ ਵਿੱਚ ਇਨ੍ਹਾਂ ਕੇਂਦਰਾਂ ਵੱਲੋਂ ਆਪਣੇ ਵਿਸ਼ੇ ਨਾਲ ਸਬੰਧਤ ਤਿਆਰ ਕਰਵਾਏ ਗਏ ਵੱਖ-ਵੱਖ ਤਰ੍ਹਾਂ ਦੇ ਮਾਡਲ ਰੱਖੇ ਹੋਏ ਸਨ।
ਇਸ ਦੌਰਾਨ ‘ਪੇਂਡੂ ਕਾਰੋਬਾਰੀ ਪਹਿਲਕਦਮੀ ਅਤੇ ਹੁਨਰ ਵਿਕਾਸ ਕੇਂਦਰ’ ਦੀ ਨੁਮਾਇਸ਼ ਇਸ ਕੇਂਦਰ ਦੇ ਡਾਇਰੈਕਟਰ ਡਾ. ਬਲਰਾਜ ਸੈਣੀ ਦੀ ਅਗਵਾਈ ਵਿੱਚ ਲਗਵਾਈ ਗਈ ਗਈ ਜਦੋਂ ਕਿ ਦੂਜੇ ਕੇਂਦਰ ‘ਪੰਜਾਬ ਦਾ ਵਣ-ਤ੍ਰਿਣ-ਜੀਵ-ਜੰਤ ਸੰਤੁਲਨ ਮੁੜ-ਬਹਾਲੀ ਕੇਂਦਰ’ ਨਾਲ ਸਬੰਧਤ ਨੁਮਾਇਸ਼ ਇਸ ਕੇਂਦਰ ਦੇ ਡਾਇਰੈਕਟਰ ਡਾ. ਹਿਮੇਂਦਰ ਭਾਰਤੀ ਦੀ ਅਗਵਾਈ ਵਿੱਚ ਲਗਵਾਈ ਗਈ।