ਸ਼ਾਹਬਾਜ਼ ਸਿੰਘ
ਘੱਗਾ, 6 ਅਗਸਤ
ਘੱਗਾ, ਬਾਦਸ਼ਾਹਪੁਰ ਵਾਇਆ ਬੂਟਾ ਸਿੰਘ ਵਾਲਾ ਸੜਕ ਦੀ ਪਿਛਲੇ ਲੰਬੇ ਸਮੇਂ ਤੋਂ ਮੁਰੰਮਤ ਨਾ ਹੋਣ ਕਾਰਨ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਅਤੇ ਏਕਤਾ-ਉਗਰਾਹਾਂ ਯੂਨੀਅਨ ਦੀ ਅਗਵਾਈ ਹੇਠ ਘੱਗਾ-ਸਮਾਣਾ ਐਸਐਚ 10 ਸੜਕ ਉੱਤੇ ਅੱਜ ਧਰਨਾ ਲਾਇਆ ਗਿਆ। ਇਸ ਦੌਰਾਨ ਪਾਤੜਾਂ ਪ੍ਰਸ਼ਾਸਨ ਵੱਲੋਂ ਨਾਇਬ ਤਹਿਸੀਲਦਾਰ ਨਾਲ ਮੌਕੇ ਉੱਤੇ ਕਿਸਾਨਾਂ ਨਾਲ ਗੱਲਬਾਤ ਲਈ ਪੁੱਜੇ ਪੀਡਬਲਿਊਡੀ ਦੇ ਜੇਈ ਨੂੰ ਧਰਨਾਕਾਰੀਆਂ ਨੇ ਬੰਦੀ ਬਣਾ ਲਿਆ ਅਤੇ ਬਾਅਦ ਵਿੱਚ ਸੜਕ ਦਾ ਕੰੰਮ ਪੰਦਰਾਂ ਦਿਨਾਂ ਵਿੱਚ ਸ਼ੁਰੂ ਕਰਨ ਦੇ ਭਰੋਸੇ ਮਗਰੋਂ ਧਰਨਾ ਸਮਾਪਤ ਕਰ ਦਿੱਤਾ ਗਿਆ।
ਦੂਜੇ ਪਾਸੇ ਸੜਕ ਉੱਤੇ ਸਿਖਰ ਦੁਪਹਿਰੇ ਪ੍ਰੇਸ਼ਾਨ ਹੋ ਰਹੇ ਰਾਹਗੀਰ ਕਿਸਾਨ ਕਾਰਕੁਨਾਂ ਨਾਲ ਬਹਿਸਦੇ ਦੇਖੇ ਗਏ ਅਤੇ ਆਵਾਜਾਈ ਦੌਰਾਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪਈ। ਲੋਕਾਂ ਦੀ ਪ੍ਰੇਸ਼ਾਨੀ ਨੂੰ ਦੇਖਦਿਆਂ ਘੱਗਾ ਪੁਲੀਸ ਵੱਲੋਂ ਸਟੇਟ ਹਾਈਵੇਅ ਦਾ ਟਰੈਫਿਕ ਪਿੰਡ ਕਕਰਾਲਾ ਵੱਲ ਬਦਲ ਦਿੱਤਾ ਗਿਆ। ਬੁਲਾਰਿਆਂ ਕਿਹਾ ਕਿ ਇਕ ਪਾਸੇ ਕਲਵਾਣੂ ਦਾ ਭਾਖੜਾ ਪੁਲ ਦਾ ਰਸਤਾ ਬੰਦ ਪਿਆ ਹੈ, ਦੂਜੇ ਪਾਸੇ ਘੱਗਾ ਬਾਦਸ਼ਾਹਪੁਰ ਸੜਕ ਦਾ ਬੁਰਾ ਹਾਲ ਹੈ। ਉਨ੍ਹਾਂ ਕਿਹਾ ਕਿ ਹੁਣ ਜਦੋਂ ਸਕੂਲ ਖੁੱਲ੍ਹ ਗਏ ਹਨ ਤਾਂ ਸਕੂਲੀ ਬੱਚਿਆਂ ਨੂੰ ਹੋਰ ਪ੍ਰੇਸ਼ਾਨੀ ਹੋ ਰਹੀ ਹੈ। ਉਨ੍ਹਾਂ ਕਿਹਾ ਇਹ ਸੜਕ ਹਰਿਆਣਾ ਅਤੇ ਪੰਜਾਬ ਦੇ ਦਰਜਨਾਂ ਪਿੰਡਾਂ ਨੂੰ ਜੋੜਦੀ ਹੈ ਅਤੇ ਇਸ ਸੜਕ ਵੱਲ ਸਰਕਾਰ ਕੋਈ ਧਿਆਨ ਨਹੀਂ ਦੇ ਰਹੀ ਹੈ ਤੇ ਸੜਕ ਦੀ ਹਾਲਤ ਬੇਹੱਦ ਮਾੜੀ ਹੈ। ਉਨ੍ਹਾਂ ਕਿਹਾ ਹਲਕਾ ਵਿਧਾਇਕ ਨਿਰਮਲ ਸਿੰਘ ਸ਼ੁਤਰਾਣਾ ਨੇ ਕਦੇ ਇਲਾਕੇ ਦੀ ਸਾਰ ਨਹੀਂ ਲਈ। ਇਸ ਮੌਕੇ ਕਿਸਾਨ ਯੂਨੀਅਨ ਆਗੂ ਅਮਰੀਕ ਸਿੰਘ, ਚਰਨਜੀਤ ਕੌਰ, ਰਵਿੰਦਰ ਕੌਰ, ਗੁਰਪ੍ਰੀਤ ਕੌਰ ਬਰਾਸ, ਵਰਿੰਦਰ ਕੌਰ ਬੁੱਟਰ, ਸੁਖਦੇਵ ਸਿੰਘ ਹਰਿਆਊ, ਜਾਨਪਲ ਤੇ ਹੋਰ ਬੁਲਾਰਿਆਂ ਨੇ ਧਰਨੇ ਨੂੰ ਸੰਬੋਧਨ ਕੀਤਾ।
ਧਰਨੇ ਵਿੱਚ ਬੰਦੀ ਬਣਾਏ ਗਏ ਲੋਕ ਨਿਰਮਾਣ ਵਿਭਾਗ ਦੇ ਜੇਈ ਰਤਨ ਸਿੰਘ ਨੇ ਕਿਸਾਨਾਂ ਨੂੰ ਦੱਸਿਆ ਕਿ ਘੱਗਾ ਤੋਂ ਬਾਦਸ਼ਾਹਪੁਰ ਸੜਕ ਵਾਇਆ ਬੂਟਾ ਸਿੰਘ ਵਾਲਾ ਜੋ ਕਰੀਬ 9 ਕਿਲੋਮੀਟਰ ਬਣਦੀ ਹੈ ਇਹ 18 ਫੁੱਟੀ ਪਾਸ ਹੋ ਚੁੱਕੀ ਹੈ ਅਤੇ ਬਰਸਾਤਾਂ ਕਾਰਨ ਕੰਮ ਰੁਕਿਆ ਹੋਇਆ ਹੈ ਜੋ ਬਰਸਾਤਾਂ ਉਪਰੰਤ ਤੁਰੰਤ ਕੰਮ ਸ਼ੁਰੂ ਹੋ ਜਾਵੇਗਾ। ਇਸੇ ਦੌਰਾਨ ਮੌਕੇ ਉੱਤੇ ਪੁੱਜੇ ਨਾਇਬ ਤਹਿਸੀਲਦਾਰ ਪਾਤੜਾਂ ਰਾਮ ਲਾਲ ਤੋਂ ਕਿਸਾਨਾਂ ਨੇ ਮੰਗ ਕੀਤੀ ਕਿ ਜਦੋਂ ਤੱਕ ਜੇਈ ਵੱਲੋਂ 15 ਦਿਨਾਂ ਵਿੱਚ ਕੰਮ ਸ਼ੁਰੂ ਕਰਨ ਦਾ ਲਿਖਤੀ ਭਰੋਸਾ ਨਹੀਂ ਦਿੱਤਾ ਜਾਂਦਾ ਉਹ ਧਰਨਾ ਜਾਰੀ ਰੱਖਣਗੇ। ਨਾਇਬ ਤਹਿਸੀਲਦਾਰ ਵੱਲੋਂ ਸਥਿਤੀ ਨੂੰ ਦੇਖਦਿਆਂ ਜੇਈ ਤੋਂ 15 ਦਿਨ ਵਿੱਚ ਕੰਮ ਸ਼ੁਰੂ ਕਰਨ ਦੇ ਲਿਖਤੀ ਭਰੋਸੇ ਮਗਰੋਂ ਧਰਨਾ ਸਮਾਪਤ ਹੋ ਗਿਆ। ਇਸ ਮੌਕੇ ਐਸਐਚਓ ਘੱਗਾ ਨੇਹਾ ਅਗਰਵਾਲ ਤੇ ਬਾਦਸ਼ਾਹਪੁਰ ਚੌਕੀ ਇੰਚਾਰਜ ਗੁਰਮੀਤ ਸਿੰਘ ਤੇ ਹੋਰ ਪੁਲੀਸ ਹਾਜ਼ਰ ਸੀ।
ਸਰਕਾਰੀ ਮੁਲਾਜ਼ਮ ਨੂੰ ਬੰਦੀ ਬਣਾਉਣਾ ਗ਼ਲਤ: ਐੱਸਐੱਚਓ
ਘੱਗਾ ਦੀ ਐੱਸਐੱਚਓ ਨੇਹਾ ਅਗਰਵਾਲ ਨੇ ਕਿਹਾ ਕਿ ਸਰਕਾਰੀ ਮੁਲਾਜ਼ਮ ਨੂੰ ਬੰਦੀ ਬਣਾਉਣਾ ਗਲਤ ਹੈ ਅਤੇ ਇਸ ਮਾਮਲੇ ਨੂੰ ਲੈ ਕੇ ਪੁਲੀਸ ਬਣਦੀ ਕਾਰਵਾਈ ਕਰੇਗੀ।