ਗੁਰਨਾਮ ਸਿੰਘ ਅਕੀਦਾ
ਪਟਿਆਲਾ, 10 ਨਵੰਬਰ
ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਭਾਸ਼ਾ ਵਿਭਾਗ ,ਪੰਜਾਬ, ਪਟਿਆਲਾ ਵਿੱਚ ਕਰਵਾਏ ਸਾਹਿਤਕ ਸਮਾਗਮ ਵਿੱਚ ਜਲ ਸਿੰਘ ਰਚਿਤ ਕਾਵਿ ਸੰਗ੍ਰਹਿ ‘ਉਜਾਲਾ’ ਦਾ ਲੋਕ-ਅਰਪਣ ਕੀਤਾ ਗਿਆ। ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ਆਸ਼ਟ ਤੋਂ ਇਲਾਵਾ ਮੁੱਖ ਮਹਿਮਾਨ ਵਜੋਂ ਸ਼੍ਰੋਮਣੀ ਸਾਹਿਤਕਾਰ ਡਾ. ਮਨਮੋਹਨ ਸਹਿਗਲ ਸ਼ਾਮਲ ਹੋਏ ਜਦੋਂ ਕਿ ਪ੍ਰਧਾਨਗੀ ਉਘੇ ਪੰਜਾਬੀ ਵਿਦਵਾਨ ਡਾ. ਗੁਰਬਚਨ ਸਿੰਘ ਰਾਹੀ ਨੇ ਕੀਤੀ। ਇਸ ਸਮਾਗਮ ਦੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼੍ਰੋਮਣੀ ਸਾਹਿਤਕਾਰ ਡਾ. ਮਹੇਸ਼ ਗੌਤਮ, ਖ਼ਾਲਸਾ ਕਾਲਜ ਪਟਿਆਲਾ ਦੇ ਪ੍ਰੋਫ਼ੈਸਰ,ਕਵਿੱਤਰੀ ਅਤੇ ਆਲੋਚਕ ਡਾ. ਹਰਵਿੰਦਰ, ਬਹੁਪੱਖੀ ਲੇਖਕ ਪ੍ਰਿੰ. ਸੋਹਨ ਲਾਲ ਗੁਪਤਾ ਅਤੇ ‘ਪੰਜਾਬੀ ਆਲਮ’ ਰਸਾਲੇ ਦੇ ਸੰਪਾਦਕ ਅਭੈ ਸਿੰਘ (ਮਨੀਮਾਜਰਾ) ਨੇ ਸ਼ਿਰਕਤ ਕੀਤੀ। ਪ੍ਰੋ. ਮਨਮੋਹਨ ਸਹਿਗਲ ਨੇ ਕਿਹਾ ਕਿ ਲੇਖਕ ਨੂੰ ਆਪਣੀ ਪ੍ਰਤੀਬੱਧਤਾ ਉਪਰ ਡਟ ਕੇ ਪਹਿਰਾ ਦੇਣਾ ਚਾਹੀਦਾ ਹੈ। ਪ੍ਰਿੰ. ਸੋਹਨ ਲਾਲ ਗੁਪਤਾ ਨੇ ਇਕ ਦਿਲਚਸਪ ਕਹਾਣੀ ਸਾਂਝੀ ਕਰਦਿਆਂ ਕਿਹਾ ਕਿ ਸਿਰਜਣਸ਼ੀਲ ਮਨੁੱਖ ਸਮਾਜ ਲਈ ਰਾਹ ਦਸੇਰੇ ਦਾ ਕੰਮ ਕਰਦੇ ਹਨ। ਪੁਸਤਕ ਰਿਲੀਜ਼ ਉਪਰੰਤ ਮੁੱਖ ਵਕਤਾ ਵਜੋਂ ਚਰਚਾ ਕਰਦਿਆਂ ਡਾ. ਹਰਵਿੰਦਰ ਕੌਰ ਨੇ ਕਿਹਾ ਕਿ ਜਲ ਸਿੰਘ ਦੀਆਂ ਕਵਿਤਾਵਾਂ ਵਿੱਚ ਸਤਿਅਮ, ਸ਼ਿਵਮ ਤੇ ਸੁੰਦਰਮ ਦਾ ਖ਼ੂਬਸੂਰਤ ਸੁਮੇਲ ਹੈ। ਕਵੀ ਜਲ ਸਿੰਘ ਨੇ ਆਪਣੀ ਰਚਨਾ ਪ੍ਰਕਿਰਿਆ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਉਨ੍ਹਾਂ ਨੂੰ ਆਪਣੀ ਸ਼ਾਇਰੀ ਵਿਚ ਹੱਕ ਅਤੇ ਸੱਚ ਦੀ ਤਰਜਮਾਨੀ ਕਰਦਿਆਂ ਖਾਸ ਸਕੂਨ ਮਿਲਦਾ ਹੈ। ਦੂਜੇ ਦੌਰ ਵਿੱਚ ਵਿਦਵਾਨ ਡਾ. ਗੁਰਬਚਨ ਸਿੰਘ ਰਾਹੀ, ਅਭੈ ਸਿੰਘ,ਰਣਜੀਤ ਆਜ਼ਾਦ ਕਾਂਝਲਾ, ਬਾਬੂ ਸਿੰਘ ਰੈਹਲ, ਜਨਰਲ ਸਕੱਤਰ ਦਵਿੰਦਰ ਪਟਿਆਲਵੀ, ਬਲਬੀਰ ਸਿੰਘ ਦਿਲਦਾਰ, ਨਵਦੀਪ ਸਿੰਘ ਮੁੰਡੀ, ਕ੍ਰਿਸ਼ਨ ਗੋਪਾਲ ਸੰਗਰੂਰ, ਹਰਦੀਪ ਕੌਰ ਜੱਸੋਵਾਲ, ਸਤਨਾਮ ਸਿੰਘ ਮੱਟੂ, ਹਰੀ ਸਿੰਘ ਚਮਕ, ਸੁਰਿੰਦਰ ਕੌਰ ਬਾੜਾ, ਗੁਰਦਰਸ਼ਨ ਸਿੰਘ ਗੁਸੀਲ, ਕੁਲਦੀਪ ਪਟਿਆਲਵੀ, ਹਰਦੀਪ ਸਿੰਘ ਦੀਪਾ ਮਾਨਸਾ, ਅਮਰਜੀਤ ਸਿੰਘ ਕਸਕ, ਸੰਦੀਪ ਕੁਮਾਰ ਬਿਸ਼ਨੋਈ ਨੇ ਵਿਚਾਰ ਸਾਂਝੇ ਕੀਤੇ। ਮੰਚ ਸੰਚਾਲਨ ਜਨਰਲ ਸਕੱਤਰ ਦਵਿੰਦਰ ਪਟਿਆਲਵੀ ਨੇ ਬਾਖ਼ੂਬੀ ਨਿਭਾਇਆ। ਕਹਾਣੀਕਾਰ ਬਾਬੂ ਸਿੰਘ ਰੈਹਲ ਨੇ ਧੰਨਵਾਦ ਕੀਤਾ।