ਪੱਤਰ ਪ੍ਰੇਰਕ
ਘਨੌਰ, 9 ਦਸੰਬਰ
ਕਸਬਾ ਘਨੌਰ ਦੇ ਬਲਾਕ ਸਮਿਤੀ ਦਫਤਰ ਵਿੱਚ ਵਾਈਸ ਚੇਅਰਮੈਨ ਜਗਰੂਪ ਸਿੰਘ ਹੈਪੀ ਸੇਹਰਾ, ਚੇਅਰਮੈਨ ਅਮਰਜੀਤ ਸਿੰਘ ਥੂਹਾ ਅਤੇ ਗੁਰਨਾਮ ਸਿੰਘ ਭੂਰੀਮਾਜਰਾ ਦੀ ਸਾਂਝੀ ਅਗਵਾਈ ਵਿੱਚ ਸਮਾਗਮ ਕਰਵਾਇਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪੁੱਜੇ ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਹਲਕੇ ਦੇ ਪਿੰਡ ਖੇੜੀ ਗੰਡਿਆਂ, ਢੀਡਸਾਂ, ਬਢੌਲੀ ਗੁਜਰਾਂ, ਜੱਖੜਾਂ, ਗਾਜੀਪੁਰ, ਭੱਦਕ, ਗਾਰਦੀ ਨਗਰ, ਖੇੜੀ ਗੁਰਨਾਂ, ਸੂਰਜਗੜ੍ਹ, ਥੂਹਾ, ਮੋਹੀ ਖੁਰਦ, ਨੇਪਰਾਂ, ਆਲਮਪੁਰ, ਘੜਾਮਾਂ ਕਲਾਂ, ਮੋਹੀ ਕਲਾਂ, ਖਡੌਲੀ ਅਤੇ ਨੰਦਗੜ੍ਹ ਸਮੇਤ ਕਰੀਬ ਡੇਢ ਦਰਜਨ ਪਿੰਡਾਂ ਨੂੰ ਵਿਕਾਸ ਕਾਰਜਾਂ ਲਈ 55 ਲੱਖ 75 ਹਜ਼ਾਰ ਰੁਪਏ ਦੀਆਂ ਗਰਾਂਟਾਂ ਦੇ ਚੈੱਕ ਵੰਡੇ। ਉਨ੍ਹਾਂ ਕਿਹਾ ਕਿ ਲੰਘੇ ਕਰੀਬ ਚਾਰ ਦਹਾਕਿਆਂ ਦੌਰਾਨ ਹਲਕਾ ਘਨੌਰ ਵਿੱਚ ਹੋਏ ਵਿਕਾਸ ਕਾਰਜਾਂ ਦੇ ਮੁਕਾਬਲੇ ਮੌਜੂਦਾ ਸਰਕਾਰ ਸਮੇਂ ਕਰੀਬ 1200 ਕਰੋੜ ਰੁਪਏ ਖਰਚ ਕੇ ਹਲਕੇ ਵਿੱਚ ਰਿਕਾਰਡ ਵਿਕਾਸ ਕਾਰਜ ਕਰਵਾਏ ਗਏ ਹਨ। ਵਿਕਾਸ ਪੱਖੋਂ ਇਹ ਹਲਕਾ ਪੰਜਾਬ ਦਾ ਮੋਹਰੀ ਹਲਕਾ ਬਣ ਗਿਆ ਹੈ। ਉਨ੍ਹਾਂ ਵਿਕਾਸ ਦੇ ਮੁੱਦੇ ’ਤੇ ਵਿਰੋਧੀ ਸਿਆਸੀ ਧਿਰਾਂ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੂੰ ਭੰਡਿਆ।